ਲਾਹੌਰ: ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਸ਼ੁਰੂ ਕਰਵਾਉਣ ਲਈ ਅਮਰੀਕਾ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕੀ ਰਾਸ਼ਟਰਪਤੀ ਦੇ ਸਕੱਤਰ ਮਾਈਕ ਪੋਂਪੀਓ ਨਾਲ ਗੱਲਬਾਤ ਕੀਤੀ।


ਕੁਰੈਸ਼ੀ ਨੇ ਪੋਂਪੀਓ ਨੂੰ ਕਿਹਾ ਕਿ ਉਹ ਭਾਰਤ ਨਾਲ ਗੱਲਬਾਤ ਸ਼ੁਰੂ ਕਰਵਾਉਣ ਲਈ ਦਖ਼ਲਅੰਦਾਜ਼ੀ ਕਰਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਮੱਤਭੇਦਾਂ ਨੂੰ ਖ਼ਤਮ ਕਰਨ ਦਾ ਗੱਲਬਾਤ ਹੀ ਇਕੱਲਾ ਰਸਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਪਾਕਿ-ਅਮਰੀਕਾ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਦੱਖਣ ਏਸ਼ੀਆ 'ਚ ਸ਼ਾਂਤੀ ਸਥਾਪਤੀ ਲਈ ਫ਼ੌਜਾਂ ਨੂੰ ਸਰਹੱਦਾਂ ਤੋਂ ਪਿੱਛੇ ਹਟਾਉਣਾ ਸਹੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਵੱਲੀ ਗੱਲਬਾਤ ਲੰਮੇ ਸਮੇਂ ਤੋਂ ਬੰਦ ਹੈ। ਦੋਵੇਂ ਦੇਸ਼ ਕਰਤਾਰਪੁਰ ਗਲਿਆਰੇ ਦੇ ਬਹਾਨੇ ਗੱਲਬਾਤ ਕਰ ਰਹੇ ਸਨ, ਪਰ ਹੁਣ ਇਹ ਵੀ ਮੁਲਤਵੀ ਹੋਈ ਪਈ ਹੈ। ਫਰਵਰੀ ਵਿੱਚ ਵਾਪਰੇ ਪੁਲਵਾਮਾ ਹਮਲੇ ਮਗਰੋਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਖਾਸੇ ਤਲਖ ਹੋ ਗਏ ਹਨ, ਉਦੋਂ ਵੀ ਅਮਰੀਕਾ ਨੇ ਹੀ ਦੋਵਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਸੀ।