Kartarpur Sahib Corridor: ਹੜ੍ਹ ਦੇ ਕਹਿਰ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਗੁਰਦਾਸਪੁਰ 'ਚ ਧੁੱਸੀ ਬੰਨ੍ਹ ਟੁੱਟਣ ਕਾਰਨ ਕਰਤਾਪੁਰ ਕੋਰੀਡੋਰ ਤੱਕ ਰਾਵੀ ਦਰਿਆ ਦਾ ਪਾਣੀ ਪਹੁੰਚ ਗਿਆ ਹੈ। ਇਸ ਮਗਰੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਧਾਰਮਿਕ ਸਥਾਨ ਬਿਲਕੁਲ ਸੁਰੱਖਿਅਤ ਹਨ।


ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਬਣੇ ਕਰਤਾਰਪੁਰ ਲਾਂਘੇ ਨੇੜੇ ਪਾਣੀ ਭਰ ਗਿਆ ਹੈ। ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਣੀ ਆਉਣ ਕਾਰਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਨੂੰ ਰੋਕ ਦਿੱਤਾ ਗਿਆ ਹੈ। ਅੱਜ ਸਵੇਰੇ 20 ਯਾਤਰੀ ਦਰਸ਼ਨਾਂ ਲਈ ਪੁੱਜੇ ਸਨ ਪਰ ਰਾਵੀ ਦਰਿਆ ਵਿੱਚ ਪਾਣੀ ਭਰ ਜਾਣ ਕਾਰਨ ਯਾਤਰਾ ਰੋਕ ਦਿੱਤੀ ਗਈ। ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਲਾਂਘੇ ਵਾਲੀ ਥਾਂ ’ਤੇ ਪਾਣੀ ਆ ਗਿਆ ਹੈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।


ਸ਼ਰਧਾਲੂ ਅੱਜ ਸਵੇਰੇ ਟਰਮੀਨਲ 'ਤੇ ਪਹੁੰਚ ਗਏ ਸਨ ਪਰ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਕਿਉਂਕਿ ਰਾਵੀ ਦਰਿਆ ਦਾ ਪਾਣੀ ਜ਼ੀਰੋ ਲਾਈਨ 'ਤੇ ਆ ਗਿਆ ਹੈ। ਇਸ ਕਾਰਨ ਪਾਣੀ ਉਸ ਥਾਂ 'ਤੇ ਵੀ ਪਹੁੰਚ ਗਿਆ ਹੈ, ਜਿੱਥੋਂ ਭਾਰਤੀ ਯਾਤਰੀ ਪਾਕਿਸਤਾਨ 'ਚ ਦਾਖਲ ਹੁੰਦੇ ਹਨ। ਇਹ ਸਭ ਦੇਖ ਕੇ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਇਸ ਤੋਂ ਬਾਅਦ ਬੀਐਸਐਫ ਤੇ ਪਾਕਿ ਰੇਂਜਰਾਂ ਵਿਚਾਲੇ ਫਲੈਗ ਮੀਟਿੰਗ ਹੋਈ। ਮੀਟਿੰਗ ਵਿੱਚ ਯਾਤਰਾ ਰੋਕਣ ਦਾ ਫੈਸਲਾ ਕੀਤਾ ਗਿਆ।