ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੂੰ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਵੀ ਦਿੱਲੀ ਤੋਂ ਬਾਅਦ ਪੰਜਾਬ ਤੋਂ ਹੀ ਉਮੀਦ ਹੈ। ਇਸ ਲਈ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਖਾਸ ਤਵੱਜੋ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਅਗਲੇ ਕੁ ਦਿਨਾਂ ਵਿੱਚ ਸਾਰੇ ਉਮੀਦਵਾਰਾਂ ਦਾ ਐਲਾਨ ਕਰਕੇ ਜਨਵਰੀ ਵਿੱਚ ਚੋਣ ਮੈਦਾਨ ਭਖਾਉਣ ਦੀ ਰਣਨੀਤੀ ਤਹਿਤ ਚੱਲ ਰਹੀ ਹੈ। ਇਸ ਦੀ ਸ਼ੁਰੂਆਤ ਅਰਵਿੰਦ ਕੇਜਰੀਵਾਲ ਖੁਦ ਜਨਵਰੀ ਵਿੱਚ ਪੰਜਾਬ ਦਾ ਦੌਰਾ ਕਰਕੇ ਕਰਨਗੇ। ਬੇਸ਼ੱਕ ਪਾਰਟੀ ਦੀ ਪੰਜਾਬ ਇਕਾਈ ਖੇਰੂੰ-ਖੇਰੂੰ ਹੋਈ ਪਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਵਿੱਚ ਘਿਰੇ ਹੋਣ ਤੇ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖਿਲਾਫ ਦੋ ਸਾਲਾਂ ਵਿੱਚ ਹੀ ਵੱਡਾ ਰੋਹ ਹੋਣ ਕਾਰਨ ਆਮ ਆਦਮੀ ਪਾਰਟੀ ਨੂੰ ਉਮੀਦ ਹੈ। ਇਸ ਲਈ ਲਈ ਪਾਰਟੀ ਸਭ ਤੋਂ ਪਹਿਲਾਂ ਉਮੀਦਵਾਰ ਐਲਾਨ ਕੇ ਚੋਣ ਪ੍ਰਚਾਰ ਵਿੱਚ ਜੁੱਟ ਜਾਣਾ ਚਾਹੁੰਦੀ ਹੈ। ਇਸ ਲਈ ਕੇਜਰੀਵਾਲ ਨੇ ਪੰਜਾਬ ਦੇ ਐਲਾਨੇ ਉਮੀਦਵਾਰਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ (ਜਗਦੇਵ ਕਲਾਂ), ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਤੇ ਹੁਸ਼ਿਆਰਪੁਰ ਹਲਕੇ ਦੇ ਉਮੀਦਵਾਰ ਡਾਕਟਰ ਰਵਜੋਤ ਸਿੰਘ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ ਕਿਸੇ ਕਾਰਨ ਫ਼ਰੀਦਕੋਟ ਹਲਕੇ ਦੇ ਉਮੀਦਵਾਰ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਹਾਜ਼ਰ ਨਹੀਂ ਹੋ ਸਕੇ, ਪਰ ਉਨ੍ਹਾਂ ਦੇ ਚੋਣ ਮੈਨੇਜਰ ਮੌਜੂਦ ਸਨ। ਇਸ ਮੀਟਿੰਗ ਵਿਚ ਦਿੱਲੀ ਦੇ ਮੰਤਰੀ ਗੋਪਾਲ ਰਾਏ ਸਮੇਤ ਦਿੱਲੀ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਸੰਭਾਵੀ ਸਮੂਹ ਸੱਤ ਉਮੀਦਵਾਰ ਵੀ ਸ਼ਾਮਲ ਸਨ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਜਨਵਰੀ 2019 ਦੌਰਾਨ ਪੰਜਾਬ ਵਿੱਚ ‘ਆਪ’ ਦੀ ਚੋਣ ਮੁਹਿੰਮ ਮਘਾ ਦਿੱਤੀ ਜਾਵੇਗੀ, ਜਿਸ ਤਹਿਤ ਕੇਜਰੀਵਾਲ ਨੇ ਜਨਵਰੀ 2019 ਤੋਂ ਪੰਜਾਬ ਦਾ ਚੋਣ ਦੌਰਾ ਕਰਨ ਦਾ ਫ਼ੈਸਲਾ ਕੀਤਾ ਹੈ। ਕੇਜਰੀਵਾਲ ਪੰਜਾਬ ਵਿਚ ਚੋਣ ਦਾ ਮਹੂਰਤ ਭਗਵੰਤ ਮਾਨ ਦੇ ਹਲਕੇ ਸੰਗਰੂਰ ਤੋਂ ਕਰਨਗੇ।