ਬਰਨਾਲਾ: ਜ਼ਿਲ੍ਹੇ ਦੇ ਕਸਬੇ ਤਪਾ ਮੰਡੀ ਨੇੜੇ ਸੜਕ ਹਾਦਸਾ ਵਾਪਰਿਆ ਜਿਸ ਵਿੱਚ 11 ਬੱਚਿਆਂ ਸਮੇਤ 13 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਾਦਸਾ ਬੀਤੀ ਦੇਰ ਰਾਤ ਪੀਟਰ ਰੇਹੜੇ (ਘੜੁੱਕੇ) ਅਤੇ ਕਾਰ ਦਰਮਿਆਨ ਵਾਪਰਿਆ। ਇਸ ਟੱਕਰ ਵਿੱਚ ਘੜੁੱਕਾ ਚਾਲਕ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਘੜੁੱਕੇ 'ਤੇ ਸਵਾਰ ਬੱਚੇ ਤਪਾ ਨੇੜੇ ਫਲਾਈਓਵਰ ਉੱਪਰ ਪਹੁੰਚੇ ਤਾਂ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਹਰਿਆਣਾ ਦੀ ਕਾਰ ਵਿੱਚ ਸਵਾਰ ਪਤੀ ਪਤਨੀ ਦੇ ਵੀ ਸੱਟਾਂ ਵੱਜੀਆਂ ਹਨ। ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਪਾਸੇ ਕਰ ਕੇ ਸੜਕ 'ਤੇ ਆਵਾਜਾਈ ਬਹਾਲ ਕੀਤੀ।

ਵੱਖ-ਵੱਖ ਪਿੰਡਾਂ ਦੇ ਜ਼ਖ਼ਮੀ ਹੋਏ ਬੱਚਿਆਂ ਨੇ ਦੱਸਿਆ ਕਿ ਉਹ ਮਹੀਨੇ ਦੇ ਇੱਕ ਐਤਵਾਰ ਦਮਦਮਾ ਸਾਹਿਬ ਵਿਖੇ ਲੰਗਰ ਦੀ ਸੇਵਾ ਕਰਨ ਜਾਂਦੇ ਹਨ ਅਤੇ ਵਾਪਸੀ ਸਮੇਂ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਅਤੇ ਮ੍ਰਿਤਕ ਘੜੁੱਕਾ ਚਾਲਕ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।