ਚੰਡੀਗੜ੍ਹ: "ਸਾਡੀਆਂ ਹੱਦਾਂ ਵੱਖੋ-ਵੱਖਰੀਆਂ ਹੋ ਸਕਦੀਆਂ ਹਨ ਪਰ ਹਵਾ 'ਤੇ ਕਿਸੇ ਦਾ ਕੰਟਰੋਲ ਨਹੀਂ। ਇਸ ਲਈ ਪ੍ਰਦੂਸ਼ਣ ਖ਼ਿਲਾਫ ਕੇਂਦਰ ਸਮੇਤ ਸਾਰੇ ਰਾਜਾਂ ਨੂੰ ਮਿਲਕੇ ਲੜਨਾ ਪਵੇਗਾ। ਮੇਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਬਹੁਤ ਹਾਂਪੱਖੀ ਗੱਲਬਾਤ ਹੋਈ ਹੈ ਤੇ ਅਸੀਂ ਦੋਵੇਂ ਰਾਜ ਮਿਲ ਕੇ ਕੰਮ ਕਰਾਂਗੇ।" ਇਹ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਈ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਕਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਰਾਜਾਂ ਦੇ ਮੁੱਦੇ ਸਾਂਝੇ ਹਨ ਤੇ ਮਿਲ ਕੇ ਕੰਮ ਕੀਤਾ ਜਾਏਗਾ।


ਕੇਜਰੀਵਾਲ ਨੇ ਕਿਹਾ, "ਸਾਡੀ ਬਹੁਤ ਵਧੀਆ ਗੱਲਬਾਤ ਹੋਈ ਹੈ ਤੇ ਅਸੀਂ ਮਿਲ ਕੇ ਕੰਮ ਕਰਾਂਗੇ।" ਉਨ੍ਹਾਂ ਕਿਹਾ ਕਿ ਪਰਾਲੀ, ਸੀਐਨਜੀ ਵਹੀਕਲ, ਬੱਸਾਂ, ਟ੍ਰੈਫਿਕ ਤੇ ਓਵਰ ਬ੍ਰਿਜਾਂ 'ਤੇ ਗੱਲਬਾਤ ਕੀਤੀ ਹੈ। ਦੋਵੇਂ ਰਾਜ ਇਨ੍ਹਾਂ ਸਾਰੇ ਮਾਮਲਿਆਂ 'ਤੇ ਪ੍ਰਦੂਸ਼ਣ ਘਟਾਉਣ ਲਈ ਸਹਿਮਤ ਹਨ ਤੇ ਹੱਲ ਕੱਢਣ ਲਈ ਸ਼ੁਰੂਆਤ ਕਰਨ ਜਾ ਰਹੇ ਹਨ।

ਇਸ ਮੌਕੇ ਖੱਟਰ ਨੇ ਕਿਹਾ ਹੈ ਕਿ ਸਮੋਗ ਘੱਟ ਹੋਵੇ ਇਸ ਨੂੰ ਲੈ ਕੇ ਉਹ ਪ੍ਰਤੀਬੱਧ ਹਨ। ਉਨ੍ਹਾਂ ਕਿਹਾ ਕਿ ਹਰਿਆਣਾ 'ਚ ਪਿਛਲੇ ਸਮੇਂ ਨਾਲੋਂ ਪਰਾਲੀ ਨੂੰ ਅੱਗ ਲਾਉਣਾ ਘਟਿਆ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਇਹ ਹੋਰ ਜ਼ਿਆਦਾ ਘਟੇਗਾ। ਉਨ੍ਹਾਂ ਕਿਹਾ ਕਿ ਦੇਸ਼ 'ਚ ਪ੍ਰਦੂਸ਼ਣ ਘਟੇ ਇਸ ਲਈ ਉਹ ਪੂਰੀ ਤਰ੍ਹਾਂ ਪ੍ਰਤੀਬੱਧ ਹਨ।