ਨਵੀਂ ਦਿੱਲੀ: ਪਾਕਿਸਤਾਨ ਦੀ ਧਰਤੀ ਤੋਂ ਇੱਕ ਵਾਰ ਫਿਰ ਖਾਲਿਸਤਾਨ ਦੀ ਆਵਾਜ਼ ਉੱਠੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਜਦੋਂ ਸਿੱਖ ਜੱਥਾ ਪਾਕਿਸਤਾਨ ਪੁੱਜਿਆ ਤਾਂ ਉੱਥੇ ਖਾਲਿਸਤਾਨ ਦੇ ਪੋਸਟਰ ਲੱਗੇ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਖੂਫੀਆ ਏਜੰਸੀ ਆਈ.ਐਸ.ਆਈ., ਖਾਲਿਸਤਾਨ ਸਮਰਥਕਾਂ ਦੀ ਗੱਢ ਕੇ ਮਦਦ ਕਰ ਰਹੀ ਹੈ। ਇਹ ਏਜੰਸੀ ਪੰਜਾਬ ਵਿੱਚ ਮੁੜ ਖਾਲਿਸਤਾਨੀ ਲਹਿਰ ਉਭਾਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।


 

ਖਾਲਿਸਤਾਨ ਲਹਿਰ ਦੌਰਾਨ ਪੰਜਾਬ ਵਿੱਚ ਹਜ਼ਾਰਾਂ ਨੌਜਵਾਨਾਂ ਮਾਰੇ ਗਏ ਸਨ। ਸਾਲ 1970 ਤੋਂ ਸ਼ੁਰੂ ਹੋਈ ਇਹ ਲਹਿਰ ਕਰੀਬ 15 ਸਾਲ ਤੱਕ ਜਾਰੀ ਰਹੀ। ਹੁਣ ਇੱਕ ਵਾਰ ਫਿਰ ਪਾਕਿਸਤਾਨ ਇਸ ਨੂੰ ਹਵਾ ਦੇ ਰਿਹਾ ਹੈ। ਹੁਣ ਜਿਹੇ ਜਦੋਂ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਨਨਕਾਨਾ ਸਾਹਿਬ ਪੁੱਜੇ ਤਾਂ ਉੱਥੇ ਖਾਲਿਸਤਾਨ ਦੇ ਪੋਸਟਰ ਲੱਗੇ ਹੋਏ ਸਨ। ਰਿਪੋਰਟਾਂ ਮੁਤਾਬਕ ਆਈਐਸਆਈ ਨੇ ਖਾਲਿਸਤਾਨ ਸਮਰਥਕਾਂ ਨੂੰ ਲੱਭ ਕੇ ਉਨ੍ਹਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ।

ਦਰਅਸਲ ਪਾਕਿਸਤਾਨ 'ਚ ਅਲੱਗ ਬਲੋਚਿਸਤਾਨ ਦੀ ਮੰਗ ਤੇਜ਼ ਹੋ ਰਹੀ ਹੈ। ਬਲੋਚਿਸਤਾਨ ਦੇ ਨੇਤਾਵਾਂ ਨੇ ਪੀਐਮ ਮੋਦੀ ਤੇ ਭਾਰਤ ਤੋਂ ਮਦਦ ਦੀ ਮੰਗ ਕੀਤੀ ਸੀ। ਭਾਰਤ ਨੇ ਵੀ ਬਲੋਚਿਸਤਾਨੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਇਸ ਮਗਰੋਂ ਪਾਕਿਸਤਾਨ ਵੀ ਭਾਰਤ ਵਿੱਚ ਮਾਹੌਲ ਖਰਾਬ ਕਰਨ ਦੀ ਵਿਊਂਤ ਬਣਾ ਰਿਹਾ ਹੈ।


 

ਇਸੇ ਤੋਂ ਨਾਰਾਜ਼ ਹੋ ਕੇ ਪਾਕਿਸਤਾਨ ਨੇ ਬੱਬਰ ਖਾਲਸਾ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਵਰਗੀਆਂ ਜਥੇਬੰਦੀਆਂ ਦੇ ਵਿਦੇਸ਼ਾਂ 'ਚ ਬੈਠੇ ਲੀਡਰਾਂ ਨਾਲ ਸੰਪਰਕ ਸ਼ੁਰੂ ਕਰ ਦਿੱਤਾ ਸੀ। ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤਾਂ ਨੇ ਵੀ ਕਿਹਾ ਸੀ ਕਿ ਜੇਕਰ ਭਾਰਤ, ਬਲੋਚਿਸਤਾਨ 'ਚ ਦਖਲ ਦਿੰਦਾ ਹੈ ਤਾਂ ਪਾਕਿਸਤਾਨ, ਖਾਲਿਸਤਾਨ ਨਾਲ ਇਸ ਦਾ ਜਵਾਬ ਦੇਵੇਗਾ।