ਮੁਹਾਲੀ : ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਸੋਮਵਾਰ ਨੂੰ ਜਾਰੀ ਸਕੂਲਾਂ ਦੇ ਸਮਾਂ ਤਬਦੀਲੀ ਦੇ ਹੁਕਮਾਂ ਦੀ ਅਦੂਲੀ ਕਰਨ ਵਾਲੇ ਸਕੂਲਾਂ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਧਾਰਾ-144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਸਨ ਜਿਨ੍ਹਾਂ ਨੂੰ ਹੂ-ਬ-ਹੂ ਲਾਗੂ ਕਰਵਾਉਣ ਲਈ ਐੱਸਡੀਐੱਮਜ਼ ਨੂੰ ਹੁਕਮ ਜਾਰੀ ਕੀਤੇ ਗਏ ਸਨ। ਮੋਹਾਲੀ ਦੇ ਐੱਸਡੀਐੱਮ ਨੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 5 ਸਕੂਲਾਂ 'ਤੇ ਵੱਖ-ਵੱਖ ਥਾਣਿਆਂ ਵਿਚ ਧਾਰਾ 188 ਦੀ ਕਾਰਵਾਈ ਕਰਦਿਆਂ ਮਾਮਲੇ ਦਰਜ ਕਰਵਾਏ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡੀਪੀਆਈ ਸੈਕੰਡਰੀ ਨੇ ਜਦੋਂ ਧੁਆਂਖੀ ਫ਼ਿਜ਼ਾ ਦਾ ਵਾਸਤਾ ਦਿੰਦੇ ਹੋਏ ਨਿੱਜੀ ਅਤੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਤਾਂ ਬਹੁਤ ਸਾਰੇ ਨਿੱਜੀ ਸਕੂਲਾਂ ਨੇ ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣਿਆ ਸੀ। ਮੋਹਾਲੀ ਵਿਚ ਬਹੁਤੇ ਸਕੂਲ ਖੁੱਲ੍ਹੇ ਰਹੇ। ਇਸ ਵਾਰ ਵੀ ਇਹੋ ਉਮੀਦ ਸੀ ਪਰ ਇਹ ਹੁਕਮ ਡੀਪੀਆਈ ਦੇ ਨਹੀਂ, ਜ਼ਿਲ੍ਹਾ ਮੈਜਿਸਟ੫ੇਟ ਦੇ ਸਨ ਜਿਨ੍ਹਾਂ ਦੀ ਅਦੂਲੀ ਲਈ ਕਾਰਵਾਈ ਕਰ ਦਿੱਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਲੇ ਹੋਰ ਵੀ ਸਕੂਲ ਹਨ ਜਿਹੜੇ ਸਰਕਾਰੀ ਨਿਯਮਾਂ ਨੂੰ ਟਿੱਚ ਜਾਣਦੇ ਹਨ।

ਧੁੰਦ ਨੂੰ ਦੇਖਦਿਆਂ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਕੀਤਾ ਗਿਆ ਸੀ। ਐੱਸਡੀਐੱਮ ਡਾ. ਆਰ ਪੀ ਸਿੰਘ ਨੇ ਦੱਸਿਆ ਕਿ ਕੁਝ ਸਕੂਲਾਂ ਵੱਲੋਂ ਇਨ੍ਹਾਂ ਹੁਕਮਾਂ ਦੀ ਅਣਦੇਖੀ ਕਰਦਿਆਂ ਆਪਣੇ ਸਕੂਲ ਸਵੇਰੇ 10 ਵਜੇ ਤੋਂ ਪਹਿਲਾਂ ਖੋਲ੍ਹੇ ਗਏ ਅਤੇ ਇਨ੍ਹਾਂ ਸਕੂਲਾਂ ਵਿਚ ਮਾਨਵ ਮੰਗਲ ਸਕੂਲ ਫੇਜ਼ -10, ਲਰਨਿੰਗ ਪਾਥ ਸੈਕਟਰ-67, ਮਿਲੇਨੀਅਮ ਸਕੂਲ ਫੇਜ਼-5, ਸਿਸ਼ੂ ਨਿਕੇਤਨ ਫੇਜ਼-4, ਸ਼ਾਸਤਰੀ ਮਾਡਲ ਸਕੂਲ ਫੇਜ਼-1, ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ 188 ਆਈਪੀਸੀ ਅਧੀਨ ਪਰਚੇ ਦਰਜ ਕੀਤੇ ਗਏ ਹਨ।