ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬੀ ਹਮਰੁਤਬਾ ਕੈਪਟਨ ਅਮਰਿੰਦਰ ਸਿੰਘ ਲਈ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ। ਦਰਅਸਲ, ਕੇਜਰੀਵਾਲ ਨੇ ਟਵੀਟ ਕਰ ਕੈਪਟਨ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਘਟਾਉਣ ਵਿੱਚ ਮਦਦ ਕਰ ਸਕਦੇ ਹਨ।


ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਭਾਅ ਬੇਹੱਦ ਵੱਧ ਹਨ। ਜੇਕਰ ਪੰਜਾਬ ਸਰਕਾਰ ਚਾਹੇ ਤਾਂ ਸਾਨੂੰ ਉਨ੍ਹਾਂ ਦੀ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਸਸਤੀ ਬਿਜਲੀ ਵਾਲਾ ਮਾਡਲ ਸਥਾਪਤ ਕੀਤਾ ਜਾ ਸਕੇ। ਕੇਜਰੀਵਾਲ ਦਾ ਇਹ ਬਿਆਨ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਲੀ ਸਰਕਾਰ ਦੀ ਬਿਜਲੀ ਮਾਮਲੇ ਵਿੱਚ ਕੀਤੀ ਤਾਰੀਫ ਤੋਂ ਬਾਅਦ ਆਇਆ ਹੈ।

ਉੱਧਰ, 'ਆਪ' ਦੀ ਪੰਜਾਬ ਇਕਾਈ ਨੇ ਵੀ ਸੂਬੇ 'ਚ ਹੱਦੋਂ ਵੱਧ ਮਹਿੰਗੀ ਬਿਜਲੀ ਦੇ ਵਿਰੋਧ 'ਚ ਕੈਪਟਨ ਸਰਕਾਰ ਵਿਰੁੱਧ 'ਬਿਜਲੀ ਮੋਰਚਾ' ਖੋਲ੍ਹਿਆ ਹੋਇਆ ਹੈ। 'ਆਪ' ਬਿਜਲੀ ਮੋਰਚੇ ਦੇ ਕੋਆਰਡੀਨੇਟਰ ਮੀਤ ਹੇਅਰ ਨੇ ਮੰਗ ਕੀਤੀ ਹੈ ਕਿ ਕੈਪਟਨ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ, ਬੇਹੱਦ ਮਹਿੰਗੇ ਤੇ ਮਾਰੂ ਬਿਜਲੀ ਖ਼ਰੀਦ ਸਮਝੌਤਿਆਂ (ਪੀਪੀਏਜ਼) ਨੂੰ ਰੱਦ ਕਰਨ ਤੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ।