ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਵਲੋਂ ਕੇਜਰੀਵਾਲ ਸੰਬੰਧੀ ਦਿੱਤੇ ਨਵੇਂ ਨਾਅਰੇ ‘ਸੰਸਦ ਵਿੱਚ ਵੀ ਕੇਜਰੀਵਾਲ’ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਕੇਜਰੀਵਾਲ ਹੀ ਹੈ ਜਿਸ ਨੇ ਦਿੱਲੀ ਅਤੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਚੁੱਘ ਨੇ ਮੀਡੀਆ 'ਚ ਜਾਰੀ ਆਪਣੇ ਬਿਆਨ 'ਚ ਕਿਹਾ ਕਿ ਦਿੱਲੀ ਅਤੇ ਪੰਜਾਬ ਦੀ ਦੁਰਦਸ਼ਾ ਲਈ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਜ਼ਿੰਮੇਵਾਰ ਹਨ।
ਤਰੁਣ ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਵਿੱਚ ਆਏ ਵਾਅਦਿਆਂ ਦੇ ਬਿਲਕੁਲ ਉਲਟ ਕੰਮ ਕਰ ਰਹੀ ਹੈ। ਲੋਕਪਾਲ ਦੇ ਨਾਂ 'ਤੇ ਭ੍ਰਿਸ਼ਟਾਚਾਰ, ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਦੇ 40 ਫੀਸਦੀ ਮੰਤਰੀ ਜਾਅਲਸਾਜ਼ੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਹਨ, ਜਿਨ੍ਹਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ। ਜੋ ਆਬਕਾਰੀ ਨੀਤੀ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵਾਪਸ ਲੈ ਲਈ ਸੀ, ਉਹੀ ਨੀਤੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਲਾਗੂ ਕਰ ਦਿੱਤੀ ਹੈ। ਸ਼ਰਾਬ ਘੁਟਾਲਾ ਜਿਸ ਤਹਿਤ ਕੇਜਰੀਵਾਲ ਸਰਕਾਰ ਨੇ ਜਨਤਾ ਦਾ ਕਰੋੜਾਂ ਰੁਪਏ ਲੁੱਟਿਆ ਹੈ। ਪੰਜਾਬ ਵਿੱਚ ਲਾਗੂ ਸ਼ਰਾਬ ਨੀਤੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ 'ਚ ਜਾਂਚ ਏਜੰਸੀਆਂ ਨੇ ਕੇਜਰੀਵਾਲ ਨੂੰ ਜਾਂਚ 'ਚ ਸਹਿਯੋਗ ਕਰਨ ਲਈ ਲਗਾਤਾਰ ਨੋਟਿਸ ਭੇਜੇ ਹਨ, ਪਰ ਕੇਜਰੀਵਾਲ ਲਗਾਤਾਰ ਜਾਂਚ ਏਜੰਸੀਆਂ ਦਾ ਅਪਮਾਨ ਕਰ ਰਹੇ ਹਨ।
ਤਰੁਣ ਚੁੱਘ ਨੇ ਕਿਹਾ ਕਿ 'ਆਪ' ਦੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਕਰਜ਼ੇ 'ਚ ਡੁਬੋ ਦਿੱਤਾ ਹੈ। ਉਨ੍ਹਾਂ ਕੋਲ ਪੰਜਾਬ ਦੇ ਵਿਕਾਸ ਜਾਂ ਉਦਯੋਗਿਕ ਵਿਕਾਸ ਲਈ ਕੋਈ ਠੋਸ ਨੀਤੀ ਨਹੀਂ ਹੈ। ਪੰਜਾਬ ਸਰਕਾਰ ਕਰਜ਼ਾ ਤੇ ਕਰਜਾ ਲਈ ਜਾ ਰਹੀ ਹੈ ਪਰ ਮਾਨ ਸਰਕਾਰ ਕੋਲ ਖਰਚੇ ਦਾ ਕੋਈ ਹਿਸਾਬ ਨਹੀਂ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਹਰ ਫਰੰਟ 'ਤੇ ਫੇਲ ਸਾਬਤ ਹੋਈ ਹੈ। ਇਹੋ ਸਥਿਤੀ ਅੱਜ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵੀ ਹੈ। ਪੰਜਾਬ ਵਿੱਚ ਮਾਫੀਆਵਾਦ ਆਪਣੇ ਸਿਖਰ ’ਤੇ ਹੈ। ਪੰਜਾਬ ਵਿੱਚ ਹਰ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਹੈ।