ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦਾ ਕਿਸਾਨ ਮੈਨੀਫੈਸਟੋ 11 ਸਤੰਬਰ ਨੂੰ ਮੋਗਾ ਵਿੱਚ ਜਾਰੀ ਕਰਨਗੇ। ਇਸ ਦਾ ਐਲਾਨ ਕਰਦਿਆਂ ਮੈਨੀਫੈਸਟੋ ਕਮੇਟੀ ਪੰਜਾਬ ਦੇ ਮੁਖੀ ਕੰਵਰ ਸੰਧੂ ਨੇ ਕਿਹਾ ਕਿ ਇਸ ਮੈਨੀਫੈਸਟੋ ਵਿੱਚ ਖੇਤੀ ਨਾਲ ਸਬੰਧਤ ਸਾਰੇ ਪੱਖ ਉਭਾਰੇ ਜਾਣਗੇ ਤੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਤੋਂ ਅੱਗੇ ਲੈ ਕੇ ਜਾਣ ਦੀ ਯੋਜਨਾ ਦੱਸੀ ਜਾਵੇਗੀ।
ਸੰਧੂ ਨੇ ਕਿਹਾ ਕਿ ਕਿਸਾਨ ਮੈਨੀਫੈਸਟੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾਂ ਤੇ ਖੇਤੀ ਨਾਲ ਸਬੰਧਤ ਹੋਰ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਕੇ ਬਣਾਇਆ ਗਿਆ ਹੈ। ਮੈਨੀਫੈਸਟੋ ਨੂੰ ਤਿਆਰ ਕਰਨ ਲਈ ਬੋਲਦਾ ਪੰਜਾਬ ਦੀ ਟੀਮ ਨੇ ਪੰਜਾਬ ਦੇ ਮੋਗਾ, ਤਲਵੰਡੀ ਭਾਈ, ਬਠਿੰਡਾ, ਮਾਨਸਾ, ਨਡਾਲਾ, ਹੁਸ਼ਿਆਰਪੁਰ, ਤਰਨਤਾਰਨ ਤੇ ਲੁਧਿਆਣਾ (ਡੇਅਰੀ ਉਤਪਾਦਕ) ਖੇਤਰਾਂ ਵਿਚ ਜਾ ਕੇ ਕਿਸਾਨਾਂ ਅਤੇ ਖੇਤੀ ਨਾਲ ਸਬੰਧਤ ਹੋਰ ਲੋਕਾਂ ਨਾਲ ਗਲਬਾਤ ਕੀਤੀ।
ਇਸ ਤੋਂ ਬਿਨਾ ਆਉਣ ਵਾਲੀ ਪੰਜਾਂ ਸਾਲਾ ਵਿਚ ਵੱਖ-ਵੱਖ ਵਰਗਾਂ ਲਈ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਵੀ ਮੈਨੀਫੈਸਟੋ ਤਿਆਰ ਕੀਤੇ ਜਾਣਗੇ। ਕਿਸਾਨ ਮੈਨੀਫੈਸਟੋ ਤੋਂ ਬਾਅਦ ਐਸ.ਸੀ/ਐਸ.ਟੀ ਤੇ ਵਪਾਰੀ-ਉਦਯੋਗਪਤੀ ਮੈਨੀਫੈਸਟੋ ਬਣਾਇਆ ਜਾਵੇਗਾ। ਇਹ ਕਾਰਜ ਇਨ੍ਹਾਂ ਵਰਗਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਵਸਦੇ ਆਮ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 3 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਨੇ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ 51 ਬਿੰਦੂਆਂ ਦਾ ਨੌਜਵਾਨ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ। ਅੰਤ ਵਿਚ ਸਾਰੇ ਵਰਗਾਂ ਲਈ ਸਾਂਝਾ 'ਆਪ ਮੈਨੀਫੈਸਟੋ-ਮਿਸ਼ਨ 2017' ਜਾਰੀ ਕੀਤਾ ਜਾਵੇਗਾ ਜਿਸ ਵਿੱਚ 2017 ਦੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਦੀ ਰਣਨੀਤੀ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ।