ਬਰਨਾਲਾ: ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਕੇਜਰੀਵਾਲ ਦੀ 20 ਜਨਵਰੀ ਨੂੰ ਹੋਣ ਵਾਲੀ ਰੈਲੀ ਦਾ ਦਿਨ ਬਦਲਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬਰਨਾਲਾ ਵਿੱਚ ਕੋਰ ਕਮੇਟੀ ਦੀ ਬੈਠਕ ਤੋਂ ਪਹਿਲਾਂ ਕਿਹਾ ਸੀ ਕਿ 20 ਜਨਵਰੀ ਨੂੰ ਸੇਵਾ ਸਿੰਘ ਠੀਕਰੀਵਾਲ ਦਾ ਸ਼ਹੀਦੀ ਦਿਵਸ ਹੈ, ਜਿਸ ਕਰਕੇ ਕਮੇਟੀ ਕੇਜਰੀਵਾਲ ਦੀ ਰੈਲੀ ਕਿਸੇ ਹੋਰ ਦਿਨ ਕਰਵਾਉਣ ਬਾਰੇ ਵਿਚਾਰ ਕਰ ਰਹੀ ਹੈ। ਪਰ ਮੀਟਿੰਗ ਉਪਰੰਤ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸਾਫ਼ ਕੀਤਾ ਕਿ ਕੇਜਰੀਵਾਲ 20 ਜਨਵਰੀ ਨੂੰ ਪਹਿਲਾਂ ਪਿੰਡ ਠੀਕਰੀਵਾਲ 'ਚ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਦੇਣਗੇ ਤੇ ਬਾਅਦ ਵਿੱਚ ਬਰਨਾਲਾ ਦੀ ਅਨਾਜ ਮੰਡੀ ਵਿੱਚ ਰੈਲੀ ਕਰਨਗੇ।
ਕੋਰ ਕਮੇਟੀ ਦੇ ਮੈਂਬਰ ਤੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਅਮਨ ਅਰੋੜਾ, ਕੁਲੰਵਤ ਸਿੰਘ ਪੰਡੋਰੀ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ ਬਰਨਾਲਾ ਵਿੱਚ ਇਕੱਠੇ ਹੋਏ ਤੇ ਪ੍ਰੈੱਸ ਕਾਨਫ਼ਰੰਸ ਕੀਤੀ। ਸਾਰੇ ਜਣੇ ਇਕੱਠੇ ਹੋ ਕੇ ਸੁਖਪਾਲ ਖਹਿਰਾ 'ਤੇ ਜੰਮ ਕੇ ਵਰ੍ਹੇ। ਮਾਨ ਤੇ ਚੀਮਾ ਨੇ ਕਿਹਾ ਕਿ ਖਹਿਰਾ ਸਿਰਫ ਅਹੁਦੇ ਦਾ ਭੁੱਖਾ ਹੈ। ਕਾਂਗਰਸ ਵਿੱਚ ਰਹਿੰਦੇ ਹੋਏ ਵੀ ਉਨ੍ਹਾਂ ਵਿਰੋਧੀਆਂ ਦੀ ਬਜਾਏ ਪਾਰਟੀ ਦੇ ਲੀਡਰਾਂ ਬਾਰੇ ਬਿਆਨਬਾਜ਼ੀ ਕੀਤੀ ਤੇ ਇਹੋ ਕੰਮ ਉਨ੍ਹਾਂ 'ਆਪ' ਵਿੱਚ ਕੀਤਾ ਹੈ।
ਅਰੋੜਾ ਨੇ ਕਿਹਾ ਹੈ ਕਿ ਜਦ ਖਹਿਰਾ ਨੇ ਪਾਰਟੀ ਦੀ ਮੈਂਬਰਸ਼ਿਪ ਹੀ ਛੱਡ ਦਿੱਤੀ ਹੈ ਤਾਂ ਉਨ੍ਹਾਂ ਨੂੰ ਵਿਧਾਇਕ ਅਹੁਦੇ ਤੋਂ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਖਹਿਰਾ ਨੂੰ ਚੇਤਾਵਨੀ ਦਿੱਤੀ ਕਿ ਉਹ ਸਿਰਫ ਪਾਰਟੀ ਦੇ ਰਹਿਮੋ-ਕਰਮ 'ਤੇ ਵਿਧਾਇਕ ਹਨ, 'ਆਪ' ਜਦ ਚਾਹੇ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਫਾਰਗ ਕਰਵਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਐਤਵਾਰ ਨੂੰ 'ਆਪ' ਦੀ ਮੁੱਢਲੀ ਮੈਂਬਰਸ਼ਿਪ ਛੱਡ ਦਿੱਤੀ ਤੇ ਆਪਣਾ ਅਸਤੀਫ਼ਾ ਪਾਰਟੀ ਕਨਵੀਨਰ ਕੇਜਰੀਵਾਲ ਨੂੰ ਭੇਜ ਦਿੱਤਾ।