ਸੰਗਰੂਰ: ਆਮ ਆਦਮੀ ਪਾਰਟੀ ਤੋਂ ਸੁਖਪਾਲ ਖਹਿਰਾ ਵੱਲੋਂ ਅਸਤੀਫ਼ੇ ਤੋਂ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਦੀ ਮੈਂਬਰੀ ਤਿਆਗਣ ਦੀ ਮੰਗ ਕੀਤੀ ਹੈ। ਮਾਨ ਨੇ ਕਿਹਾ ਹੈ ਕਿ ਖਹਿਰਾ ਪਾਰਟੀ ਦੇ ਨਿਸ਼ਾਨ 'ਤੇ ਹੀ ਵਿਧਾਇਕ ਬਣੇ ਸਨ। ਇਸ ਲਈ ਉਨ੍ਹਾਂ ਨੂੰ ਵਿਧਾਇਕੀ ਵੀ ਛੱਡਣੀ ਚਾਹੀਦੀ ਹੈ। ਉਨ੍ਹਾਂ ਅਕਾਲੀ ਲੀਡਰ ਜਗੀਰ ਕੌਰ ਦੇ ਬਿਆਨ ਦੀ ਹਮਾਇਤ ਕਰਦਿਆਂ ਖਹਿਰਾ ਨੂੰ ਪੋਲਿੰਗ ਏਜੰਟ ਜੋਗੇ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ: ਖਹਿਰਾ ਵੱਲੋਂ ਆਮ ਆਦਮੀ ਪਾਰਟੀ ਨੂੰ ਆਖਰੀ 'ਸਲਾਮ'
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਖਹਿਰਾ ਪਾਰਟੀ ਦਾ ਹਿੱਸਾ ਹੀ ਨਹੀਂ ਰਹਿਣਾ ਚਾਹੁੰਦੇ ਤਾਂ ਪਾਰਟੀ ਵੱਲੋਂ ਆਪਣੇ ਚੋਣ ਨਿਸ਼ਾਨ 'ਤੇ ਦਿਵਾਇਆ ਵਿਧਾਇਕ ਦਾ ਅਹੁਦਾ ਵੀ ਛੱਡਣਾ ਚਾਹੀਦਾ ਹੈ। ਅਜਿਹਾ ਨਾ ਕਰਕੇ ਉਹ ਲੋਕਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਪਤਾ ਹੈ ਕਿ ਜੇਕਰ ਕਿਸੇ ਹੋਰ ਪਾਰਟੀ ਦੇ ਚੋਣ ਨਿਸ਼ਾਨ ਤੋਂ ਉਹ ਚੋਣ ਲੜਦੇ ਹਨ ਤਾਂ ਹਾਰ ਜਾਣਗੇ।
ਸਬੰਧਤ ਖ਼ਬਰ: ਫੂਲਕਾ ਦੀਆਂ ਬੀਜੇਪੀ ਮੰਤਰੀ ਨਾਲ ਮੁਲਕਾਤਾਂ ਨੇ ਛੇੜੀ ਨਵੀਂ ਚਰਚਾ
ਮਾਨ ਨੇ ਕਿਹਾ ਕਿ ਲੋਕਾਂ ਨੇ ਖਹਿਰਾ ਨੂੰ ਪਹਿਲਾਂ ਹੀ ਸ਼ੀਸ਼ਾ ਦਿਖਾ ਦਿੱਤਾ ਹੈ, ਇਸੇ ਕਰਕੇ ਉਨ੍ਹਾਂ ਦੀ ਭਰਜਾਈ ਵੀ ਸਰਪੰਚੀ ਦੀ ਚੋਣ ਹਾਰ ਗਈ। ਉਨ੍ਹਾਂ ਕਿਹਾ ਕਿ ਖਹਿਰਾ ਤਾਂ ਕਹਿੰਦੇ ਆਏ ਹਨ ਕਿ ਉਹ ਸਾਰੇ ਅਹੁਦੇ ਤਿਆਗਦੇ ਹਨ ਤਾਂ ਫਿਰ ਐਮਐਲਏਸ਼ਿਪ ਤੋਂ ਵੀ ਅਸਤੀਫ਼ਾ ਦੇਣ ਤੇ ਆਪਣੀ ਪਾਰਟੀ ਤੋਂ ਚੋਣ ਲੜਨ ਤਾਂ ਹੀ ਹਕੀਕਤ ਦਾ ਪਤਾ ਲੱਗੇਗਾ।