Punjab News: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਸਿਵਲ ਹਸਪਤਾਲ ਵਿਖੇ ਨਵੇਂ ਮਾਡਿਊਲਰ ਆਪ੍ਰੇਸ਼ਨ ਥੀਏਟਰ ਦਾ ਉਦਘਾਟਨ ਕੀਤਾ ਹੈ ਜਿਸ ਦੇ ਨੀਂਹ ਪੱਥਰ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਥੱਲੇ ਅਰਵਿੰਦ ਕੇਜਰੀਵਾਲ ਦਾ ਨਾਂਅ ਲਿਖਿਆ ਹੋਇਆ ਸੀ ਜਿਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ।



ਇਸ ਨੂੰ ਲੈ ਕੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਾਬਕਾ ਮੁੱਖ ਮੰਤਰੀ ਤੇ ਸਾਬਕਾ ਵਿਧਾਇਕ ਅਰਵਿੰਦ ਕੇਜਰੀਵਾਲ ਦਾ ਨਾਮ ਜਨਤਾ ਦੇ ਨੁਮਾਇੰਦੇ ਵੱਲੋਂ ਜਨਤਾ ਦੇ ਟੈਕਸ ਨਾਲ ਕਰਵਾਏ ਗਏ ਵਿਕਾਸ ਕਾਰਜ ਦੇ ਨੀਂਹ ਪੱਥਰ ਉੱਤੇ ਕਿਵੇਂ ਲਿਖਿਆ ਜਾ ਸਕਦਾ ਹੈ ?






ਜੇ ਤੁਸੀ ਕੌਮੀ ਕਨਵੀਨਰ ਦਾ ਹਵਾਲਾ ਦੇਕੇ ਇਹ ਸਭ ਕਰ ਰਹੇ ਹੋ ਫੇਰ ਤਾਂ ਦੇਸ਼ ਤੇ ਤਮਾਮ ਵੱਡੇ ਲੀਡਰ ਇਵੇਂ ਹੀ ਕਰਨਾ ਸ਼ੁਰੂ ਕਰ ਦੇਣ। ਕੇਜਰੀਵਾਲ ਜੀ ਸਰਕਾਰੀ ਤੰਤਰ ਵਿੱਚ ਇੰਨਾ ਦਖਲ ਸਹੀ ਨਹੀਂ ਹੁੰਦਾ, ਤੁਸੀ ਹੁਣੇ ਤਾਂ ਵਿਪਾਸਣਾ ਕੇਂਦਰ ਜਾ ਕੇ ਆਏ ਹੋ, ਤੁਹਾਡੇ ਅੰਦਰ ਤਾਂ ਸੱਤਾ ਦੀ ਭੁੱਖ ਸ਼ਾਂਤ ਹੋਣੀ ਚਾਹੀਦੀ ਸੀ। ਲਗਦਾ ਹੈ 2027 ਤੱਕ ਭਗਵੰਤ ਮਾਨ ਤੋਂ ਜਿਆਦਾ ਅਰਵਿੰਦ ਕੇਜਰੀਵਾਲ ਦਾ ਨਾਮ ਪੰਜਾਬ ਦੇ ਨੀਂਹ ਪੱਥਰਾਂ ਉੱਤੇ ਹੋਵੇਗਾ..!


ਇਸ ਮੌਕੇ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਰਾਣੀ ਵੀਡੀਓ ਸਾਂਝੀ ਕਰਦਿਆਂ ਲਿਖਿਆ, ਦੇਖੋ ਭਗਵੰਤ ਮਾਨ ਉਦੋਂ ਤੇ ਹੁਣ! ਇਸੇ ਲਈ ਮੈਂ ਉਨ੍ਹਾਂ ਨੂੰ ਨਕਲੀ ਇਨਕਲਾਬੀ ਕਹਿੰਦਾ ਹਾਂ!






ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਤਸਵੀਰ ਸਾਂਝੀਆਂ ਕਰਦਿਆਂ ਲਿਖਿਆ, ਬਦਲਾਵ ਸਿਖਰਾਂ 'ਤੇ, ਦਾਅਵੇ VIP ਕਲਚਰ ਖ਼ਤਮ ਕਰਨ ਦੇ ਪਰ ਹਕੀਕਤ ਕੁਝ ਹੋਰ।  ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਦੇ ਕਿਸੇ ਵੀ ਅਹੁਦੇ 'ਤੇ ਨਹੀਂ ਹਨ। ਨਾ ਵਿਧਾਇਕ ਨਾ ਸਾਂਸਦ ਹਨ ਤਾਂ ਕਿਸ ਹੈਸੀਅਤ ਨਾਲ ਪੰਜਾਬ ਸਰਕਾਰ ਵੱਲੋਂ ਉਦਘਾਟਨ ਕਰ ਸਕਦੇ ਹਨ ? ਮਜੀਠੀਆ ਨੇ ਕਿਹਾ ਕਿ SUPER CM ਦਾ ਨਾਮ ਦੂਰ ਤੋਂ ਦਿਖਾਈ ਦੇ ਰਿਹਾ। DUMMY CM ਖਾਨਾ ਪੂਰਤੀ ਲਈ ਕੋਲ ਖੜੇ ਹਨ। ਕੀ ਇਸੇ ਬਦਲਾਵ ਲਈ ਪੰਜਾਬ ਨੇ 92 ਨਗੀਨੇ ਚੁਣੇ ਸਨ ?