ਜਲੰਧਰ: ਜਲੰਧਰ ਡਾਇਓਸਿਸ ਦੇ ਬਿਸ਼ਪ ਫ੍ਰੈਂਕੋ ਮੁਲਕੱਲ 'ਤੇ ਲੱਗੇ ਰੇਪ ਦੇ ਇਲਜ਼ਾਮ ਮਾਮਲੇ ਵਿੱਚ ਕੇਰਲ ਦੀ ਪੁਲਿਸ ਨੇ ਜਲੰਧਰ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਸਾਢੇ 11 ਵਜੇ ਐਸਆਈਟੀ ਕੈਂਟ ਵਿੱਚ ਮਿਸ਼ਨਰੀ ਆਫ ਜਿਸਸ ਪਹੁੰਚੀ ਜਿੱਥੇ ਪਿਛਲੇ 8 ਘੰਟਿਆਂ ਤੋਂ ਪੁਲਿਸ ਵੱਲੋਂ 4 ਨਨ ਦੀ ਪੁੱਛਗਿੱਛ ਜਾਰੀ ਹੈ।

ਇਨ੍ਹਾਂ 'ਚ ਸਭ ਤੋਂ ਸੀਨੀਅਰ ਮਦਰ ਜਨਰਲ ਰੇਜਾਨੀ, ਸਿਸਟਰ ਅਮਲਾ, ਸਿਸਟਰ ਮਾਰੀਆ ਅਤੇ ਸਿਸਟਰ ਵਰਜੀਨਾ ਸ਼ਾਮਿਲ ਹਨ। ਜਾਂਚ ਦੇ ਦੂਜੇ ਦਿਨ ਵੀ ਪੁਲਿਸ ਬਿਸ਼ਪ ਫ੍ਰੈਂਕੋ ਮੁਲਕੱਲ ਨਾਲ ਗੱਲ ਨਹੀਂ ਕਰ ਸਕੀ। ਕੱਲ੍ਹ ਬਿਸ਼ਪ ਨਾਲ ਪੁੱਛਗਿਛ ਕੀਤੀ ਜਾ ਸਕਦੀ ਹੈ।

ਬਿਸ਼ਪ ਤੋਂ ਪੁੱਛਗਿੱਛ ਦਰਮਿਆਨ ਕੇਰਲ ਪੁਲਿਸ ਨੇ ਜਲੰਧਰ ਪੁਲਿਸ ਤੋਂ ਪੁਕਤਾ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੱਲ ਕਦੋਂ ਅਤੇ ਕਿੱਥੇ ਫ੍ਰੈਂਕੋ ਮੁਲਕੱਲ ਨਾਲ ਜਾਂਚ ਕੀਤੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਕੇਰਲ ਦੀ ਰਹਿਣ ਵਾਲੀ ਇੱਕ ਨਨ ਨੇ ਜਲੰਧਰ ਡਾਇਓਸਿਸ ਦੇ ਬਿਸ਼ਪ 'ਤੇ ਕਰੀਬ ਡੇਢ ਮਹੀਨਾ ਪਹਿਲਾ ਪੁਲਿਸ ਨੂੰ ਲਿਖਿਤ ਸ਼ਿਕਾਇਤ ਦੇ ਕੇ ਇਲਜ਼ਾਮ ਲਾਇਆ ਸੀ ਕਿ 2014 ਤੋਂ 2016 ਦੌਰਾਨ ਬਿਸ਼ਪ ਨੇ ਉਸ ਨਾਲ ਕਈ ਵਾਰ ਰੇਪ ਕੀਤਾ।

ਜਲੰਧਰ ਡਾਇਓਸਿਸ ਦੇ ਬੁਲਾਰੇ ਫਾਦਰ ਪੀਟਰ ਦਾ ਇਸ ਬਾਰੇ ਕਹਿਣਾ ਹੈ ਕਿ ਇਲਜ਼ਾਮ ਕਿਸੇ ਸਾਜ਼ਿਸ਼ ਦਾ ਹਿੱਸਾ ਹਨ। ਸਾਲ 2016 ਵਿੱਚ ਨਨ 'ਤੇ ਕਿਸੇ ਔਰਤ ਨੇ ਇਲਜ਼ਾਮ ਲਾਇਆ ਸੀ ਕਿ ਨਨ ਉਸ ਦਾ ਘਰ ਖਰਾਬ ਕਰਨਾ ਚਾਹੁੰਦੀ ਹੈ। ਇਸ ਮਾਮਲੇ ਵਿੱਚ ਬਿਸ਼ਪ ਵੱਲੋਂ ਨਨ ਦਾ ਟਰਾਂਸਫਰ ਕੀਤੇ ਜਾਣ ਤੋਂ ਬਾਅਦ ਅਜਿਹੇ ਇਲਜ਼ਾਮ ਲਾਏ ਜਾ ਰਹੇ ਹਨ। ਇੱਕ ਵਾਰ ਪਹਿਲਾਂ ਵੀ ਨਨ ਨੇ ਸ਼ਿਕਾਇਤ ਦੇ ਕੇ ਵਾਪਿਸ ਲੈ ਲਈ ਸੀ। ਬਿਸ਼ਪ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਅਤੇ ਉਹ ਇਸ ਮਾਮਲੇ ਵਿੱਚੋਂ ਪਾਕਿ-ਸਾਫ ਨਿੱਕਲਣਗੇ।