ਸੰਗਰੂਰ: ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਮੌਜੂਦਾ ਸਾਂਸਦ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਆਪਣੇ ਚੋਣ ਪ੍ਰਚਾਰ ਦੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਮਾਨ ਨੇ ਆਪਣੇ ਪਿੰਡ ਦਾ ਕੁਝ ਨਹੀਂ ਸਵਾਰਿਆ। ਜੇ ਮੈਂ ਸਾਂਸਦ ਬਣਾਂਗਾ ਤਾਂ ਮੈਂ ਦੱਸਾਂਗਾ ਕਿ ਵਿਕਾਸ ਕੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਂਸਦ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਮਾਨ ਦੇ ਆਪਣੇ ਪਿੰਡ ਨੂੰ ਗੋਦ ਲੈਣਗੇ।


ਉੱਧਰ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੇ ਜਾਣ 'ਤੇ ਸੰਗਰੂਰ ਵਿੱਚ ਹੋ ਰਹੇ ਕਲੇਸ਼ ਸਬੰਧੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਸਵਿੰਦਰ ਧੀਮਾਨ ਲੰਮੇ ਸਮੇਂ ਤੋਂ ਪਾਰਟੀ ਵਿੱਚ ਮਿਹਨਤ ਕਰ ਰਹੇ ਸਨ। ਕਾਇਦੇ ਨਾਲ ਉਨ੍ਹਾਂ ਦਾ ਨੰਬਰ ਹੀ ਪਹਿਲਾਂ ਆਉਣਾ ਚਾਹੀਦਾ ਸੀ ਪਰ ਪੈਸਿਆਂ ਦੇ ਚੱਲਦਿਆਂ ਤੇ ਕੈਪਟਨ ਨਾਲ ਨਜ਼ਦੀਕੀ ਹੋਣ ਕਰਕੇ ਢਿੱਲੋਂ ਨੂੰ ਟਿਕਟ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਧੀਮਾਨ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋਣ ਕਰਕੇ ਵੱਡੇ-ਵੱਡੇ ਇਲਜ਼ਾਮ ਲਾ ਰਹੇ ਹਨ।