ਨਵੀਂ ਦਿੱਲੀ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣਾਂ ਲਈ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਸਿਰਫ ਉੱਥੋਂ ਹੀ ਚੋਣਾਂ ਲੜਨਗੇ, ਜਿੱਥੋਂ ਦੇ ਵੋਟਰਾਂ ਨਾਲ ਉਹ ਨਿਆਂ ਕਰ ਸਕਦੇ ਹੋਣ।

ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਚੰਡੀਗੜ੍ਹ ਸੀਟ ਲਈ ਟਿਕਟ ਮੰਗੀ ਸੀ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਇਸ ਗੱਲ 'ਤੇ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਪਰ ਅਸੀਂ ਚੰਡੀਗੜ੍ਹ ਜਾਂ ਅੰਮ੍ਰਿਤਸਰ ਸੀਟ ਤੋਂ ਹੀ ਚੋਣ ਲੜ ਸਕਦੇ ਸੀ ਕਿਉਂਕਿ ਇਹ ਹਲਕੇ ਸਾਡੇ ਆਪਣੇ ਹਨ। ਜੇ ਕੋਈ ਸਾਨੂੰ ਕਹੇ ਕਿ ਬਠਿੰਡਾ ਤੋਂ ਜਾ ਕੇ ਚੋਣ ਲੜੋ ਤਾਂ ਅਸੀਂ ਦੋਵੇਂ ਉੱਥੋਂ ਦੇ ਲੋਕਾਂ ਨਾਲ ਨਿਆਂ ਨਹੀਂ ਕਰ ਸਕਦੇ।

ਦਿੱਲੀ ਵਿੱਚ ਕਾਂਗਰਸ ਦੇ ਮੁੱਖ ਦਫ਼ਤਰ ਤੋਂ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਸਪਸ਼ਟ ਕੀਤਾ ਕਿ ਚੰਡੀਗੜ੍ਹ ਸੀਟ ਪਹਿਲਾਂ ਹੀ ਪਵਨ ਬਾਂਸਲ ਨੂੰ ਦਿੱਤੀ ਜਾ ਚੁੱਕੀ ਹੈ ਤੇ ਅੰਮ੍ਰਿਤਸਰ ਸੀਟ ਤੋਂ ਮੌਜੂਦਾ ਐਮਪੀ ਗੁਰਜੀਤ ਔਜਲਾ ਖੜ੍ਹੇ ਹਨ। ਅਸੀਂ ਦੋਵੇਂ ਉਹੀ ਕਰਾਂਗੇ ਜੋ ਪਾਰਟੀ ਕਹੇਗੀ ਪਰ ਅਸੀਂ ਸਿਰਫ ਉੱਥੋਂ ਹੀ ਚੋਣ ਲੜਾਂਗੇ ਜਿੱਥੋਂ ਦੇ ਵੋਟਰਾਂ ਨਾਲ ਨਿਆਂ ਕਰ ਸਕਦੇ ਹਾਂ।

ਇਸ ਤੋਂ ਇਲਾਵਾ ਸਿੱਧੂ ਨੇ ਕਰਤਾਰਪੁਰ ਲਾਂਘੇ ਸਬੰਧੀ ਕਿਹਾ ਕਿ ਇਸ ਮੁੱਦੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਤਾੜੀ ਦੋ ਹੱਥਾਂ ਨਾਲ ਹੀ ਵੱਜਦੀ ਹੈ। ਪਾਕਿਸਤਾਨ ਵਾਲੇ ਪਾਸਿਓਂ ਲਾਂਘੇ ਦਾ 50 ਫੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ। ਭਾਰਤ ਨੇ ਵੀ ਜ਼ਮੀਨ ਐਕੁਆਇਰ ਕਰ ਲਈ ਹੈ। ਸਿੱਧੂ ਨੇ ਇਸ਼ਾਰਾ ਕੀਤਾ ਕਿ ਦੋਵਾਂ ਮੁਲਕਾਂ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ।

ਸਿੱਧੂ ਦੇ ਬਿਆਨ ਤੋਂ ਸਾਫ ਹੈ ਕਿ ਉਹ ਜਾਂ ਉਨ੍ਹਾਂ ਦੀ ਪਤਨੀ ਬਠਿੰਡਾ ਤੋਂ ਚੋਣ ਨਹੀਂ ਲੜਨਗੇ। ਦੱਸ ਦੇਈਏ ਇਸ ਸੀਟ ਤੋਂ ਅਕਾਲੀ ਦਲ ਨੇ ਵੀ ਹਾਲੇ ਕੋਈ ਉਮੀਦਵਾਰ ਨਹੀਂ ਐਲਾਨਿਆ। ਕਿਆਸ ਹਨ ਨੇ ਪਰਕਾਸ਼ ਸਿੰਘ ਬਾਦਲ ਬਠਿੰਡਾ ਤੋਂ ਚੋਣ ਲੜ ਸਕਦੇ ਹਨ। ਕਾਂਗਰਸ ਲੀਡਰ ਵੀ ਉਮੀਦਵਾਰ ਐਲਾਨੇ ਜਾਣ ਦੀ ਉਡੀਕ ਕਰ ਰਹੇ ਹਨ ਪਰ ਸਿੱਧੂ ਨੇ ਆਪਣੀ ਤਸਵੀਰ ਸਾਫ ਕਰ ਦਿੱਤੀ ਹੈ।