ਚੰਡੀਗੜ੍ਹ: ਕਾਂਗਰਸ ਵੱਲੋਂ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਭਗਵੰਤ ਮਾਨ 'ਤੇ ਸਿੱਧੇ ਵਾਰ ਕੀਤੇ। ਢਿੱਲੋਂ ਨੇ ਕਿਹਾ ਭਗਵੰਤ ਮਾਨ ਪੰਜ ਸਾਲ ਲੋਕਾਂ ਨੂੰ ਚੁਟਕੀ ਸੁਣਾਉਂਦਾ ਰਿਹਾ ਜਿਸ ਕਰਕੇ ਚੋਣ ਪ੍ਰਚਾਰ ਦੌਰਾਨ ਪਿੰਡਾਂ ਵਿੱਚ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਸੰਸਦ ਵਿੱਚ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਨੇ ਪੰਜਾਬ 'ਚੋਂ ਸਭ ਤੋਂ ਵੱਧ ਸਵਾਲ ਪੁੱਛੇ ਹਨ ਪਰ ਮਾਨ ਆਪਣਾ ਰੌਲਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ। ਕੇਵਲ ਢਿੱਲੋਂ ਨੇ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ 'ਤੇ ਵੀ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਆਪਣੇ ਹਲਕੇ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ।

ਢਿੱਲੋਂ ਨੇ ਦਾਅਵਾ ਕੀਤਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਜਿੱਤਣ ਵਾਲੇ ਉਮੀਦਵਾਰ ਨੂੰ ਸੰਗਰੂਰ ਦੀ ਟਿਕਟ ਲਈ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਿੰਦਰ ਕੌਰ ਭੱਠਲ ਤੇ ਵਿਜੈ ਇੰਦਰ ਸਿੰਗਲਾ ਨੇ ਆਪਣਾ ਨਾਂ ਵਾਪਸ ਖਿੱਚ ਲਿਆ ਗਿਆ ਸੀ। ਢਿੱਲੋਂ ਨੇ ਕਿਹਾ ਰਾਜਿੰਦਰ ਕੌਰ ਭੱਠਲ ਤੇ ਵਿਜੇ ਇੰਦਰ ਸਿੰਗਲਾ ਚੋਣ ਪ੍ਰਚਾਰ 'ਚ ਪੂਰਾ ਸਹਿਯੋਗ ਦੇਣਗੇ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸਭ ਤੋਂ ਘੱਟ ਉਮਰ ਦੇ ਨੌਜਵਾਨ ਗੁਰਮੀਤ ਸਿੰਘ ਮੀਤ ਹੇਅਰ ਤੋਂ ਬਰਨਾਲਾ ਵਿਧਾਨ ਸਭਾ ਸੀਟ ਹਾਰਨ ਤੋਂ ਬਾਅਦ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਹੁਣ ਕਾਂਗਰਸ ਦੇ ਮੁਕਾਬਲੇ ਕਿਤੇ ਨਹੀਂ ਖੜ੍ਹਨਗੇ।

ਢਿੱਲੋਂ ਨੇ ਕਿਹਾ ਕਿ ਉਨ੍ਹਾਂ ਸੰਗਰੂਰ ਦੇ ਲੋਕਾਂ ਲਈ ਵਿਕਾਸ ਦੇ ਕੰਮ ਕੀਤੇ ਹਨ, ਜਿਸ ਦੇ ਆਧਾਰ ਉਤੇ ਵੋਟਾਂ ਮੰਗੀਆਂ ਜਾਣਗੀਆਂ। ਸੰਨ 1989 ਵਿੱਚ ਕੇਵਲ ਸਿੰਘ ਢਿੱਲੋਂ ਨੂੰ ਕਾਂਗਰਸ ਪਾਰਟੀ ਨੇ ਸੰਗਰੂਰ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਗਈ ਸੀ ਪਰ ਉਦੋਂ ਢਿੱਲੋਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।