ਜੀਂਦ: ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰ ਲਿਆ ਹੈ। ਦੋਵੇਂ ਪਾਰਟੀਆਂ ਪੰਜਾਬ ਵਿੱਚ ਰਲ ਕੇ ਹੀ ਚੋਣਾਂ ਲੜਦੀਆਂ ਹਨ, ਪਰ ਹੁਣ ਹਰਿਆਣਾ ਵਿੱਚ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਹਮਾਇਤ ਪੰਜਾਬ ਦੇ ਮੁੱਦਿਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਡੇਰਾ ਸਿਰਸਾ ਨਾਲ ਕੋਈ ਸਾਂਝ ਨਾ ਰੱਖਣ ਦੇ ਹੁਕਮਾਂ 'ਤੇ ਵੀ ਅਸਰ ਪਾ ਸਕਦੀ ਹੈ।
ਪਿਛਲੇ ਦਿਨੀਂ ਡੇਰਾ ਸਿਰਸਾ ਤੋਂ ਬੀਜੇਪੀ ਵੱਲੋਂ ਵੋਟ ਮੰਗਣ ਦੀ ਗੱਲ ਕਹਿਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਕਾਲੀ ਦਲ ਨਾਲ ਗਠਜੋੜ ਬਾਰੇ ਵੀ ਦੱਸਿਆ। ਉਨ੍ਹਾਂ ਨੇ ਨਰਵਾਣਾ ਵਿੱਚ ਅਕਾਲੀ ਦਲ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਹਰਿਆਣਾ ਪ੍ਰਧਾਨ ਸ਼ਰਨਜੀਤ ਸਿੰਘ ਸੌਂਧਾ ਨਾਲ ਰਲਕੇ ਪ੍ਰੈੱਸ ਕਾਨਫਰੰਸ ਦੌਰਾਨ ਗਠਜੋੜ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਬਾਦਲਾਂ ਦੇ ਪੁਰਾਣੇ ਮਿੱਤਰ ਚੌਟਾਲਿਆਂ ਦੀ ਪਾਰਟੀ ਇਨੈਲੋ ਨਾਲ ਰਲ ਕੇ ਅਕਾਲੀ ਦਲ ਨੇ ਚੋਣਾਂ ਲੜੀਆਂ ਸਨ। ਇਸ ਵਾਰ ਅਕਾਲੀ ਦਲ ਨੇ ਇਕੱਲਿਆਂ ਹਰਿਆਣਾ ਵਿੱਚ ਨਿੱਤਤਰਨ ਦਾ ਐਲਾਨ ਕੀਤਾ ਸੀ, ਜੋ ਇੰਨਾ ਸੌਖਾ ਨਹੀਂ ਸੀ ਜਾਪਦਾ। ਉੱਧਰ, ਚੌਟਾਲਾ ਪਰਿਵਾਰ ਦੇ ਪਾਟੋਧਾੜ ਹੋਣ ਤੇ ਨਵੀਂ ਪਾਰਟੀ ਬਣਨ ਨਾਲ ਹੁਣ ਅਕਾਲੀ ਦਲ ਨੇ ਵੀ ਭਾਜਪਾ ਨਾਲ ਰਲ਼ਣ ਦਾ ਮਨ ਬਣਾ ਲਿਆ।
ਭਾਜਪਾ ਵੱਲੋਂ ਪੰਜਾਬ ਤੇ ਹਰਿਆਣਾ ਦੇ ਇੰਚਾਰਜ ਬਣੇ ਮੰਤਰੀ ਕੈਪਟਨ ਅਭਿਮੰਨਿਊ ਨੇ ਬੀਤੇ ਸਮੇਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਕਈ ਮੁਲਾਕਾਤਾਂ ਕੀਤੀਆਂ ਸਨ। ਇਨ੍ਹਾਂ ਦੇ ਸਿੱਟੇ ਵਜੋਂ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹਰਿਆਣਾ ਵਿੱਚ ਵੀ ਸਿਰੇ ਚੜ੍ਹ ਗਿਆ ਹੈ।
ਅੱਜ ਗਠਜੋੜ ਦੇ ਰਸਮੀ ਐਲਾਨ ਮੌਕੇ ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਦੋਵੇਂ ਪਾਰਟੀਆਂ ਦਾ ਪੰਜਾਬ ਵਿੱਚ ਗਠਜੋੜ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਸੋ ਉਨ੍ਹਾਂ ਹਰਿਆਣਾ ਵਿੱਚ ਵੀ ਹੱਥ ਮਿਲਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਕੋਈ ਸ਼ਰਤ ਨਹੀਂ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਉਹ ਮਿਲ ਕੇ ਲੜਨਗੇ ਤੇ ਬਾਕੀ ਸ਼ਰਤਾਂ ਵੀ ਬਾਅਦ ਵਿੱਚ ਤੈਅ ਹੋਣਗੀਆਂ।
ਦੱਸ ਦੇਈਏ ਕਿ ਹਰਿਆਣਾ ਵਿੱਚ 10 ਲੋਕ ਸਭਾ ਸੀਟਾਂ ਹਨ ਤੇ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਵਿਧਾਨ ਸਭਾ ਵਿੱਚ ਦੋ ਦਰਜਨ ਤੋਂ ਸੀਟਾਂ ਅਜਿਹੀਆਂ ਹਨ ਜਿੱਥੇ ਸੂਬੇ ਦੇ 13 ਲੱਖ ਸਿੱਖ ਵੋਟਰ ਚੰਗਾ ਪ੍ਰਭਾਵ ਰੱਖਦੇ ਹਨ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਬਲਾਤਕਾਰ ਤੇ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹੋਣ ਕਾਰਨ ਡੇਰਾ ਸਿਰਸਾ ਦੀ ਵੋਟ ਦਾ 'ਵੱਟਾ' ਭਾਜਪਾ ਨੂੰ ਸਤਾ ਰਿਹਾ ਸੀ।
ਖੱਟਰ ਨੇ ਡੇਰੇ ਦੇ ਸਿਆਸੀ ਵਿੰਗ ਨਾਲ ਵੀ ਸੰਪਰਕ ਕਰਨ ਦੀ ਗੱਲ ਕਹੀ ਸੀ ਤੇ ਹੁਣ ਅਚਾਨਕ ਅਕਾਲੀ ਦਲ ਨਾਲ ਗਠਜੋੜ ਹੋਣ ਨਾਲ ਭਾਜਪਾ ਦੀਆਂ ਚਿੰਤਾਵਾਂ ਵਿੱਚ ਕਾਫੀ ਘੱਟ ਜਾਣਗੀਆਂ। ਇਸ ਗਠਜੋੜ ਦਾ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਅਕਾਲੀਆਂ ਨੇ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਵਾਲੇ ਖੱਟਰ ਨੂੰ ਦਿੱਤੀ ਆਪਣੀ ਹਿਮਾਇਤ
ਏਬੀਪੀ ਸਾਂਝਾ
Updated at:
12 Apr 2019 03:26 PM (IST)
ਹਰਿਆਣਾ ਵਿੱਚ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਹਮਾਇਤ ਪੰਜਾਬ ਦੇ ਮੁੱਦਿਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਡੇਰਾ ਸਿਰਸਾ ਨਾਲ ਕੋਈ ਸਾਂਝ ਨਾ ਰੱਖਣ ਦੇ ਹੁਕਮਾਂ 'ਤੇ ਵੀ ਅਸਰ ਪਾ ਸਕਦੀ ਹੈ।
- - - - - - - - - Advertisement - - - - - - - - -