ਵਾਸ਼ਿੰਗਟਨ: ਭਾਰਤ ਦੇ ਏ-ਸੈੱਟ ਪ੍ਰੀਖਣ ਬਾਰੇ ਅਮਰੀਕਾ ਨੇ ਵੱਡਾ ਖੁਲਾਸਾ ਕੀਤਾ ਹੈ। ਅਮਰੀਕਾ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਪੁਲਾੜ ਵਿੱਚ ਖਤਰਾ ਮਹਿਸੂਸ ਕਰ ਰਿਹਾ ਸੀ। ਡੀਆਰਡੀਓ ਨੇ 27 ਮਾਰਚ ਨੂੰ ਐਂਟੀ ਸੈਟੇਲਾਈਟ (ਏ-ਸੈੱਟ) ਮਿਸਾਈਲ ਦਾ ਟੈਸਟ ਕੀਤਾ ਸੀ। ਇਸ ਦੌਰਾਨ 300 ਕਿਲੋਮੀਟਰ ਦੂਰ ਧਰਤੀ ਦੀ ਹੇਠਲੀ ਤਹਿ ਵਿੱਚ ਲਾਈਵ ਸੈਟੇਲਾਈਟ ਨੂੰ ਤਬਾਹ ਕਰਨ ‘ਚ ਕਾਮਯਾਬੀ ਵੀ ਮਿਲੀ ਸੀ। ਇਹ ਤਾਕਤ ਹਾਸਲ ਕਰਨ ਵਾਲਾ ਭਾਰਤ ਚੌਥਾ ਦੇਸ਼ ਬਣ ਗਿਆ ਹੈ। ਇਸ ਦੀ ਕਾਮਯਾਬੀ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਾਣਕਾਰੀ ਦਿੱਤੀ ਸੀ।

ਹੁਣ ਯੂਐਸ ਸਟ੍ਰੈਟਜਿਕ ਕਮਾਂਡ ਦੇ ਕਮਾਂਡਰ ਜਨਰਲ ਜੌਨ ਈ ਹਾਈਟਨ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ‘ਭਾਰਤ ਦੇ ਏ-ਸੈੱਟ ਦਾ ਪ੍ਰੀਖਣ ਕਰਨ ਦਾ ਕਾਰਨ ਹੈ ਕਿ ਉਨ੍ਹਾਂ ਨੂੰ ਪੁਲਾੜ ‘ਚ ਖ਼ਤਰਾ ਮਹਿਸੂਸ ਹੋ ਰਿਹਾ ਸੀ। ਉਨ੍ਹਾਂ ਨੇ ਸੈਨੇਟ ਆਰਮਡ ਸਰਵਿਸ ਕਮੇਟੀ ਨੂੰ ਕਿਹਾ ਕਿ ਇਸੇ ਖ਼ਤਰੇ ਦੇ ਚੱਲਦੇ ਭਾਰਤ ਨੇ ਖੁਦ ਨੂੰ ਤਾਕਤਵਰ ਕਰਨ ਦੀ ਸੋਚੀ।

ਪੈਂਟਾਗਨ ਦੇ ਟੌਪ ਕਮਾਂਡਰ ਹਾਈਟਨ ਦਾ ਕਹਿਣਾ ਹੈ, “ਮਾਪਦੰਡਾਂ ਦੀ ਗੱਲ ਕਰੀਏ ਤਾਂ ਇੱਕ ਜ਼ਿੰਮੇਵਾਰ ਕਮਾਂਡਰ ਹੋਣ ਦੇ ਨਾਤੇ ਮੈਂ ਨਹੀਂ ਚਾਹੁੰਦਾ ਕਿ ਪੁਲਾੜ ‘ਚ ਹੋਰ ਮਲਬਾ ਇਕੱਠਾ ਹੋਵੇ। ਉਧਰ ਸੈਨੇਟਰ ਟਿਮ ਕੇਨ ਦਾ ਕਹਿਣਾ ਹੈ ਕਿ ਭਾਰਤ ਦੇ ਪ੍ਰੀਖਣ ਨੇ ਸੈਟੇਲਾਈਟ ਦੇ 400 ਟੁਕੜੇ ਕੀਤੇ ਜੋ ਆਈਐਸਐਸ ਲਈ ਖ਼ਤਰਾ ਹਨ।

ਭਾਰਤ ਦੇ ਪ੍ਰੀਖਣ ਨੂੰ ਲੈ ਕੇ ਪੈਂਟਾਗਨ ਤੇ ਨਾਸਾ ਦੇ ਬਿਆਨਾਂ ‘ਚ ਵਿਰੋਧ ਕਰਨ ਦਾ ਅਹਿਸਾਸ ਹੋਇਆ ਹੈ। ਇਸ ਤੋਂ ਇਲਾਵਾ ਰੱਖਿਆ ਮੰਤਰੀ ਸ਼ੈਨਹਨ ਨੇ ਕਿਹਾ ਸੀ ਕਿ ਮਲਬਾ ਵਾਯੂਮੰਡਲ ‘ਚ ਦਾਖਲ ਹੁੰਦੇ ਹੀ ਤਬਾਹ ਹੋ ਜਾਵੇਗਾ। ਭਾਰਤ ਦੇ ਟੌਪ ਵਿਗਿਆਨੀਆਂ ਦਾ ਕਹਿਣਾ ਹੈ ਕਿ ਏ-ਸੈੱਟ ਦਾ ਮਲਬਾ 45 ਦਿਨਾਂ ‘ਚ ਖ਼ਤਮ ਹੋ ਜਾਵੇਗਾ।