Sukhbir meets PM : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਸੁਖਬੀਰ‌ ਬਾਦਲ ਅੱਜ ਸਵੇਰੇ ਦਿੱਲੀ ਪਹੁੰਚੇ ਅਤੇ ਸੰਸਦ ਭਵਨ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦਾ ਏਜੰਡਾ ਸਾਹਮਣੇ ਨਹੀਂ ਆਇਆ ਹੈ। PM ਮੋਦੀ ਅਤੇ ਸੁਖਬੀਰ ਬਾਦਲ ਦੀ ਮੁਲਾਕਾਤ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ।

Continues below advertisement

ਦੋਵਾਂ ਆਗੂਆਂ ਵਿਚਕਾਰ ਹੋਈ ਇਸ ਮੁਲਾਕਾਤ ਕਾਰਨ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਇਸ ਮੁਲਾਕਾਤ ਨੇ ਪੰਜਾਬ ਦੀ ਰਾਜਨੀਤੀ ਨੂੰ ਵੀ ਗਰਮਾ ਦਿੱਤਾ ਹੈ। ਇਸ ਮੁਲਾਕਾਤ ਨੂੰ ਭਵਿੱਖ 'ਚ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਸੰਭਾਵਿਤ ਗਠਜੋੜ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਇਸ ਮੁਲਾਕਾਤ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਹੈ।

Continues below advertisement

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਭਾਜਪਾ ਦੇ ਨਹੀਂ, ਸਗੋਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਨਾਲ ਕੋਈ ਵੀ ਵਿਅਕਤੀ ਮੁਲਾਕਾਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਅਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਭਲੇ ਲਈ ਕੋਈ ਵਧੀਆ ਗੱਲ ਕੀਤੀ ਹੋਵੇਗੀ। ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਦੋਵਾਂ ਆਗੂਆਂ ਵਿਚਾਲੇ ਸਿਆਸੀ ਗਠਜੋੜ ਬਾਰੇ ਕੋਈ ਗੱਲਬਾਤ ਹੋਈ ਹੈ ਜਾਂ ਨਹੀਂ। ਗਠਜੋੜ ਬਾਰੇ ਪੁੱਛੇ ਜਾਣ ’ਤੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ। 

ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ 'ਤੇ ਕੇਜਰੀਵਾਲ ਨੇ ਕਸਿਆ ਤੰਜ 

ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ 'ਤੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੰਜ ਕਸਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘X’ ‘ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ, “ਨਾ-ਨਾ ਕਰਤੇ ਪਿਆਰ ਤੁਮਹੀ ਸੇ ਹੀ ਕਰ ਬੈਠੇ, ਕੀ ਚੰਦਾਂ ਚੋਰ ਪਾਰਟੀ ਅਤੇ ਬੇਅਦਬੀ ਪਾਰਟੀ ਦਾ ਗਠਜੋੜ ਹੋ ਰਿਹਾ ਹੈ ?”  

ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਹੁਣ ਲਗਭਗ ਚਾਰ ਮਹੀਨੇ ਦੂਰ ਹਨ, ਇਸ ਮੁਲਾਕਾਤ ਨੂੰ ਰਾਜਨੀਤਿਕ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਅਤੇ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਸੰਭਾਵਿਤ ਗਠਜੋੜ ਦੀ ਚਰਚਾ ਹੋਣ ਲੱਗ ਪਈ ਹੈ ਪਰ ਇਸ ਮੁਲਾਕਾਤ ਦਾ ਏਜੰਡਾ ਕੀ ਸੀ, ਅਜੇ ਤੱਕ ਇਸ ਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।