ਚੰਡੀਗੜ੍ਹ: ਜੇ ਮੈਂ ਬੀਬੀ ਜਾਗੀਰ ਕੌਰ ਤੋਂ ਇਸ ਵਾਰ ਚੋਣ ਹਾਰ ਗਿਆ ਤਾਂ ਰਾਜਨੀਤੀ ਛੱਡ ਦਿਆਂਗਾ। ਮੈਨੂੰ ਲੱਗਦਾ ਕਿ ਫੇਰ ਮੇਰੇ ਰਾਜਨੀਤੀ 'ਚ ਰਹਿਣ ਦਾ ਕੋਈ ਮਤਲਬ ਨਹੀਂ ਹੈ। ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਉਮੀਦਵਾਰ ਤੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਏਬੀਪੀ ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਹਾਂ ਤੇ ਪਾਰਟੀ 'ਚ ਮੁੱਖ ਮੰਤਰੀ ਪਦ ਦੇ ਕਈ ਚਿਹਰੇ ਹਨ। ਪਾਰਟੀ ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਸਕਦੀ ਹੈ। ਮੈਂ ਪਾਰਟੀ ਦੇ ਫੈਸਲੇ ਦੀ ਹਮਾਇਤ ਕਰਾਂਗਾ।
ਉਨ੍ਹਾਂ ਕਿਹਾ ਕਿ ਇਸ ਵਾਰ ਭੁਲੱਥ 'ਚ ਮੇਰੇ ਪੱਖ 'ਚ ਬੇਹੱਦ ਜ਼ਿਆਦਾ ਮਾਹੌਲ ਹੈ ਤੇ ਪੰਜਾਬ ਦੇ ਸਭ ਤੋਂ ਜ਼ਿਆਦਾ ਐਨ.ਆਰ.ਆਈ. ਵੀ ਮੇਰੇ ਹਲਕੇ 'ਚ ਰਹਿੰਦੇ ਹਨ। ਇਸ ਲਈ ਮੇਰੀ ਜਿੱਤ ਤੈਅ ਹੈ। ਉਨ੍ਹਾਂ ਕਿਹਾ ਕਿ ਜਗੀਰ ਕੌਰ ਕੇਸਾਂ 'ਚ ਫਸੇ ਹੋਣ ਕਰਕੇ ਚੋਣ ਨਹੀਂ ਵੀ ਲੜ ਸਕਦੀ, ਪਰ ਜੇ ਉਹੀ ਮੇਰੇ ਖ਼ਿਲਾਫ ਚੋਣ ਲੜਣ ਤਾਂ ਮੇਰੇ ਲਈ ਜ਼ਿਆਦਾ ਵਧੀਆ ਰਹੇਗਾ।
ਖਹਿਰਾ ਨੇ ਕਿਹਾ ਕਿ ਚੌਥੇ ਫਰੰਟ ਦੇ ਲੀਡਰਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਾ ਚਾਹੀਦਾ ਹੈ ਤੇ ਇਹ ਫੈਸਲਾ ਪੰਜਾਬ ਦੇ ਹਿੱਤ 'ਚ ਹੋਵੇਗਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ,ਬੈਂਸ ਬ੍ਰਦਰਜ਼ ਤੇ ਪ੍ਰਗਟ ਸਿੰਘ ਚੰਗੇ ਲੀਡਰ ਹਨ ਤੇ ਇਨ੍ਹਾਂ ਨੂੰ ਸਾਡੀ ਪਾਰਟੀ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲੋਕ ਅਕਾਲੀਆਂ ਤੇ ਕਾਂਗਰਸੀਆਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ ਇਸ ਲਈ ਕਿਸੇ ਵੀ ਨਵੀਂ ਪਾਰਟੀ ਦਾ ਕੁਝ ਨਹੀਂ ਬਣੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਆਪਸ 'ਚ ਰਲੇ ਹੋਏ ਹਨ ਤੇ ਹੁਣ ਇਨ੍ਹਾਂ ਨੂੰ ਅਧਿਕਾਰਤ ਗਠਜੋੜ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਕੇਸ ਖ਼ਤਮ ਕਰਨਾ ਚਾਹੁੰਦੀ ਹੈ। ਇਸ ਲਈ ਵਿਜੀਲੈਂਸ ਨੇ ਮੋਹਾਲੀ ਦੀ ਅਦਾਲਤ 'ਚ ਅਰਜ਼ੀ ਦੇ ਕੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ ਕੇਸ ਨੂੰ ਕੈਂਸਲ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਦੇ ਕੇਸ ਵੀ ਖ਼ਤਮ ਕੀਤੇ ਗਏ ਸਨ।