ਚੰਡੀਗੜ੍ਹ: ਸਾਲ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀਆਂ ਨੂੰ ਮਜ਼ਬੂਤ ਤੀਜਾ ਬਦਲ ਮਿਲ ਸਕਦਾ ਹੈ। ਲੋਕ ਸਭਾ ਚੋਣਾਂ ਤੋਂ ਸਬਕ ਲੈਂਦਿਆਂ ਪੰਜਾਬ ਦੀਆਂ ਕੁਝ ਸਿਆਸੀ ਪਾਰਟੀਆਂ ਨੇ ਇੱਕਜੁਟ ਹੋਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਦੌਰ ਵਿੱਚ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਤੇ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਦਾ ਰਲੇਵਾਂ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਪਾਰਟੀਆਂ ਤੇ ਧੜੇ ਵੀ ਇਨ੍ਹਾਂ ਨਾਲ ਰਲ ਸਕਦੇ ਹਨ।
ਦਰਅਸਲ ਲੋਕ ਸਭਾ ਚੋਣਾਂ ਵਿੱਚ ਕੁਝ ਹੋਰ ਸਿਆਸੀ ਪਾਰਟੀਆਂ ਨਾਲ ਮਿਲ ਕੇ ਇਹ ਪੰਜਾਬ ਜਮਹੂਰੀ ਗੱਠਜੋੜ ਦੇ ਨਾਂ ਹੇਠ ਮੈਦਾਨ ਵਿੱਚ ਨਿੱਤਰੇ ਸੀ। ਬੇਸ਼ੱਕ ਪੰਜਾਬ ਜਮਹੂਰੀ ਗੱਠਜੋੜ ਦਾ ਕੋਈ ਉਮੀਦਵਾਰ ਤਾਂ ਨਹੀਂ ਜਿੱਤਿਆ ਪਰ ਵੋਟ ਫੀਸਦੀ ਹਾਸਲ ਕਰਨ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਤੀਜੇ ਨੰਬਰ 'ਤੇ ਰਹੇ ਹਨ। ਪੰਜਾਬ ਜਮਹੂਰੀ ਗੱਠਜੋੜ ਨੂੰ 10 ਫੀਸਦੀ ਦੇ ਕਰੀਬ ਵੋਟ ਮਿਲੇ ਜਦੋਂਕਿ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਧਿਰ ਬਣ ਉੱਭਰੀ ਆਮ ਆਦਮੀ ਪਾਰਟੀ ਨੂੰ ਸਿਰਫ ਸੱਤ ਫੀਸਦੀ ਵੋਟਾਂ ਮਿਲੀਆਂ।
ਯਾਦ ਰਹੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਤੀਜੇ ਬਦਲ ਵਜੋਂ ਉਭਾਰਿਆ ਸੀ। ਤਜ਼ਰਬੇ ਦੀ ਘਾਟ ਤੇ ਲੀਡਰਸ਼ਿਪ ਦੀਆਂ ਲਾਲਸਾ ਨੇ ਜਨਤਾ ਨੂੰ ਨਿਰਾਸ਼ ਕੀਤਾ ਹੈ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਦਾ ਵੋਟ ਬੈਂਚ 23 ਫੀਸਦੀ ਤੋਂ ਘਟ ਕੇ ਸੱਤ ਫੀਸਦੀ ਰਹਿ ਗਿਆ ਹੈ। ਸਿਆਸੀ ਮਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਦੌਰ ਵਿੱਚ ਤੀਜੇ ਬਦਲ ਦੀ ਕਾਫੀ ਸੰਭਾਵਨਾ ਹੈ ਪਰ ਇਸ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ।
ਇਸ ਤੋਂ ਸਬਕ ਲੈਂਦਿਆਂ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ ਤੇ ਨਵਾਂ ਪੰਜਾਬ ਪਾਰਟੀ ਇੱਕਜੁਟ ਹੋਣ ਬਾਰੇ ਵਿਚਾਰ ਕਰ ਰਹੀਆਂ ਹਨ। ਇਨ੍ਹਾਂ ਦਾ ਨਿਸ਼ਾਨਾ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹਨ। ਇਨ੍ਹਾਂ ਪਾਰਟੀਆਂ ਦੇ ਲੀਡਰਾਂ ਦਾ ਮੰਨਣਾ ਹੈ ਕਿ ਸੂਬੇ ਦੀਆਂ ਤਿੰਨ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਰਤੀ ਜਨਤਾ ਪਾਰਟੀ ਦੇ ਬਰਾਬਰ ਤੀਸਰਾ ਸਿਆਸੀ ਬਦਲ ਉਸਾਰ ਕੇ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਦੇ ਮੁੱਖ ਆਗੂ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਡਾ. ਗਾਧੀ ਤੇ ਬੈਂਸ ਸਮੇਤ ਉਨ੍ਹਾਂ ਦੀ ਸਿਆਸੀ ਸੋਚ ਤਕਰੀਬਨ ਇੱਕੋ ਜਿਹੀ ਹੈ। ਇਸ ਕਾਰਨ ਉਨ੍ਹਾਂ ਵੱਲੋਂ ਇੱਕੋ ਪਾਰਟੀ ਦੇ ਝੰਡੇ ਹੇਠ ਲੜਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਪਾਰਟੀ ਦਾ ਇੱਕ ਨਿਸ਼ਾਨ, ਇੱਕ ਵਿਧਾਨ ਤੇ ਇੱਕ ਪ੍ਰਧਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਧਿਰਾਂ ਦੀ ਇੱਕ ਪਾਰਟੀ ਬਣਾ ਕੇ ਬਹੁਜਨ ਸਮਾਜ ਪਾਰਟੀ (ਬਸਪਾ), ਸੀਪੀਆਈ ਤੇ ਆਰਐਮਪੀਆਈ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ।
ਖਹਿਰਾ ਨੇ ਇਹ ਵੀ ਐਲਾਨ ਕੀਤਾ ਕਿ ਤਿੰਨਾਂ ਧਿਰਾਂ ਦੀ ਬਣਾਈ ਜਾਣ ਵਾਲੀ ਇੱਕੋ ਸਾਂਝੀ ਪਾਰਟੀ ਵਿੱਚ ਉਹ ਕੋਈ ਅਹੁਦਾ ਨਹੀਂ ਲੈਣਗੇ। ਇਸ ਤਰ੍ਹਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਤੀਸਰਾ ਸਿਆਸੀ ਬਦਲ ਉਸਾਰਿਆ ਜਾਵੇਗਾ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਉਹ ਤਾਂ ਚੋਣਾਂ ਤੋਂ ਪਹਿਲਾਂ ਹੀ ਇੱਕ ਪਾਰਟੀ ਵੱਲੋਂ ਚੋਣ ਲੜਨ ਦੇ ਹਾਮੀ ਸਨ ਪਰ ਹੁਣ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਤਿੰਨੇ ਧਿਰਾਂ ਇੱਕ ਪਾਰਟੀ ਬਣਾ ਕੇ ਪੰਜਾਬੀਆਂ ਨੂੰ ਤੀਸਰਾ ਸਿਆਸੀ ਬਦਲ ਦੇਣਗੀਆਂ।
ਹੁਣ 'ਮਿਸ਼ਨ 2022' ਦੀ ਤਿਆਰੀ, ਪੰਜਾਬੀਆਂ ਨੂੰ ਮਿਲੇਗਾ ਤੀਜਾ ਬਦਲ
ਏਬੀਪੀ ਸਾਂਝਾ
Updated at:
29 May 2019 02:18 PM (IST)
ਸਾਲ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀਆਂ ਨੂੰ ਮਜ਼ਬੂਤ ਤੀਜਾ ਬਦਲ ਮਿਲ ਸਕਦਾ ਹੈ। ਲੋਕ ਸਭਾ ਚੋਣਾਂ ਤੋਂ ਸਬਕ ਲੈਂਦਿਆਂ ਪੰਜਾਬ ਦੀਆਂ ਕੁਝ ਸਿਆਸੀ ਪਾਰਟੀਆਂ ਨੇ ਇੱਕਜੁਟ ਹੋਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਦੌਰ ਵਿੱਚ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਤੇ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਦਾ ਰਲੇਵਾਂ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਪਾਰਟੀਆਂ ਤੇ ਧੜੇ ਵੀ ਇਨ੍ਹਾਂ ਨਾਲ ਰਲ ਸਕਦੇ ਹਨ।
- - - - - - - - - Advertisement - - - - - - - - -