ਚੰਡੀਗੜ੍ਹ: ਵਿਧਾਨ ਸਭਾ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਸ਼ਿਕਾਇਤ ਭੇਜੀ ਹੈ। ਖਹਿਰਾ ਵੱਲੋਂ ਇਹ ਸ਼ਿਕਾਇਤ ਆਪਣੇ ਵਿਰੁੱਧ ‘ਆਪ’ ਦੀ ਟਿਕਟ ’ਤੇ ਚੋਣ ਲੜਨ ਵਾਲੇ ਰਣਜੀਤ ਸਿੰਘ ਰਾਣਾ ਖ਼ਿਲਾਫ਼ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਰਾਣਾ ਖ਼ਿਲਾਫ਼ ਸਰਕਾਰੀ ਕਣਕ ਚੋਰੀ ਕਰਨ ਦਾ ਮੁਕੱਦਮਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।





ਦੱਸ ਦਈਏ ਕਿ ਲੰਮੇ ਸਮੇਂ ਤੋਂ ਭੁਲੱਥ ਇਲਾਕੇ ਦੀਆਂ ਮੰਡੀਆਂ ਦੀ ਕਣਕ ਦੀ ਢੋਆ-ਢੁਆਈ ਦਾ ਟੈਂਡਰ ਰਣਜੀਤ ਸਿੰਘ ਰਾਣਾ ਕੋਲ ਹੈ। ਪਿਛਲੇ ਦਿਨੀਂ ਰਾਣਾ ਦੇ ਟਰੱਕ ਵਿੱਚੋਂ ਸਰਕਾਰੀ ਕਣਕ ਚੋਰੀ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ ਤੇ ਇਹ ਵੀਡੀਓ ਖਹਿਰਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ।

ਸ਼ਿਕਾਇਤ ਅਨੁਸਾਰ ਖਹਿਰਾ ਨੇ ਕਿਹਾ ਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਜਦੋਂ ਉਕਤ ‘ਆਪ’ ਆਗੂ ਵੱਲੋਂ ਅਜਿਹੀ ਗ਼ੈਰਕਾਨੂੰਨੀ ਗਤੀਵਿਧੀ ਕੀਤੀ ਗਈ ਹੋਵੇ। ਉਨ੍ਹਾਂ ਕਿਹਾ ਕਿ 2021 ਦੇ ਕਣਕ ਸੀਜ਼ਨ ਦੌਰਾਨ ਵੀ ਇਸ ਆਗੂ ਦੀ ਫਰਮ ਨੂੰ ਡੀਐਫਐਸਸੀ ਕਪੂਰਥਲਾ ਵੱਲੋਂ ਬਲੈਕ ਲਿਸਟ ਕੀਤਾ ਸੀ।

ਖਹਿਰਾ ਨੇ ਕਿਹਾ ਕਿ ਇੱਕ ਪਾਸੇ ‘ਆਪ’ ਸਰਕਾਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਉਨ੍ਹਾਂ ਦਾ ਆਪਣਾ ਆਗੂ ਸਰਕਾਰੀ ਕਣਕ ਦੀ ਚੋਰੀ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਜੇਕਰ ਉਹ ਕੋਈ ਕਾਰਵਾਈ ਨਹੀਂ ਕਰਦੇ ਤਾਂ ਭਗਵੰਤ ਮਾਨ ਵੱਲੋਂ ਪ੍ਰਚਾਰੇ ਗਏ ਬਦਲਾਅ ਦੇ ਨਾਅਰੇ ਦੀ ਮੁਕੰਮਲ ਫੂਕ ਨਿਕਲ ਜਾਵੇਗੀ ਤੇ ਸਾਬਤ ਹੋ ਜਾਵੇਗਾ ਕਿ ਇਹ ਸਰਕਾਰ ਪੁਰਾਣੀ ਰਵਾਇਤੀ ਪਾਰਟੀਆਂ ਨਾਲੋਂ ਵੀ ਇੱਕ ਕਦਮ ਅੱਗੇ ਵੱਧ ਕੇ ਭ੍ਰਿਸ਼ਟ ਆਗੂਆਂ ਦੀ ਹਿਫਾਜ਼ਤ ਕਰ ਰਹੀ ਹੈ। ਖਹਿਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਸਰਕਾਰੀ ਕਣਕ ਚੋਰੀ ਕਰਕੇ ਖਜ਼ਾਨੇ ਨੂੰ ਖੋਰਾ ਲਗਾਉਣ ਵਾਲੇ ਆਗੂਆਂ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਧਰ, ਰਣਜੀਤ ਸਿੰਘ ਰਾਣਾ ਨੇ ਦੋਸ਼ਾਂ ਨੂੰ ਝੂਠਾ ਦੱਸਦਿਆਂ ਕਿਹਾ ਕਿ ਜਿੰਨਾ ਮਾਲ ਟਰੱਕ ਵਿੱਚ ਲੱਦਿਆ ਜਾਂਦਾ ਹੈ, ਓਨੇ ਦੀ ਪਹੁੰਚ ਕੀਤੀ ਜਾਂਦੀ ਹੈ ਤੇ ਡਰਾਈਵਰ ਕੋਲ ਇਸ ਦੀ ਬਾਕਾਇਦਾ ਰਸੀਦ ਹੁੰਦੀ ਹੈ। ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਇਸ ਕਰਕੇ ਕਿੜ ਕੱਢ ਰਹੇ ਹਨ ਕਿਉਂਕਿ ਉਨ੍ਹਾਂ ਨੇ ਹੀ ਖਹਿਰਾ ’ਤੇ ਈਡੀ ਦੇ ਛਾਪੇ ਮਰਵਾਏ ਸਨ ਤੇ ਨਸ਼ਾ ਤਸਕਰੀ ਦੇ ਕੇਸ ਸਬੰਧੀ ਸਬੂਤ ਵੀ ਉਨ੍ਹਾਂ ਹੀ ਇਕੱਠੇ ਕੀਤੇ ਸਨ।