ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ 'ਕਥਿਤ' ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੇ 'ਕਾਨੂੰਨੀ' ਪ੍ਰਧਾਨ ਸਨਕਦੀਪ ਸਿੰਘ ਸੰਧੂ ਨੂੰ ਤਕਨੀਕੀ ਗ਼ਲਤੀ ਕਰਕੇ ਪਾਰਟੀ ਦਾ ਮੁਖੀ ਦੱਸਿਆ। ਉਨ੍ਹਾਂ ਕਿਹਾ ਕਿ ਸੰਧੂ ਨੂੰ ਦਸਤਾਵੇਜ਼ਾਂ ਵਿੱਚ ਪਾਰਟੀ ਦਾ ਪ੍ਰਧਾਨ ਦਰਸਾਉਣਾ ਤਕਨੀਕੀ ਗ਼ਲਤੀ ਤਾਂ ਹੋ ਸਕਦੀ ਹੈ ਪਰ ਕੋਈ ਮੰਦਭਾਵਨਾ ਨਹੀਂ ਹੈ।
ਜਦ ਪੱਤਰਕਾਰਾਂ ਨੇ ਖਹਿਰਾ ਨੂੰ ਪੁੱਛਿਆ ਕਿ ਸਨਕਦੀਪ ਸੰਧੂ ਨੂੰ ਦਸਤਾਵੇਜ਼ਾਂ ਵਿੱਚ ਪ੍ਰਧਾਨ ਬਣਾਉਣ ਦੀ ਗੱਲ ਜਨਤਕ ਕਿਉਂ ਨਹੀਂ ਕੀਤੀ ਅਤੇ ਬਤੌਰ ਐਡਹਾਕ ਪ੍ਰਧਾਨ ਉਨ੍ਹਾਂ ਪਾਰਟੀ ਦੇ ਅਧਿਕਾਰਤ ਪ੍ਰਧਾਨ ਨੂੰ ਆਪਣਾ ਸਿਆਸੀ ਸਕੱਤਰ ਕਿਵੇਂ ਨਾਮਜ਼ਦ ਕੀਤਾ ਸੀ ਤਾਂ ਉਨ੍ਹਾਂ ਕਿਹਾ ਕਿ ਇਹ ਤਕਨੀਕੀ ਗਲਤੀ ਹੋ ਸਕਦੀ ਹੈ ਪਰ ਕੋਈ ਮੰਦਭਾਵਨਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਇਸ ਮੁੱਦੇ ਨੂੰ ਤੂਲ ਦੇ ਰਹੇ ਹਨ।
ਹਾਲੇ ਤਕ ਖਹਿਰਾ ਦੀ ਵਿਧਾਨ ਸਭਾ ਤੋਂ ਮੈਂਬਰੀ ਖਾਰਜ ਨਾ ਹੋਣ ਕਾਰਨ ਇਹ ਗੱਲ ਤਕਰੀਬਨ ਸਾਫ ਹੋ ਗਈ ਹੈ ਕਿ ਹੁਣ ਵਿਧਾਨ ਸਭਾ ਹਲਕਾ ਭੁਲੱਥ ਦੀ ਉਪ ਚੋਣ ਲੋਕ ਸਭਾ ਚੋਣਾਂ ਦੇ ਨਾਲ ਹੋਣੀ ਵੀ ਮੁਸ਼ਕਿਲ ਹੈ। ਮੁਸ਼ਕਿਲ 'ਚ ਫਸੇ ਖਹਿਰਾ ਨੇ ਨਿਸ਼ਾਨੇ 'ਤੇ ਕਾਂਗਰਸੀ ਮੰਤਰੀਆਂ ਨੂੰ ਲਿਆਉਂਦੇ ਕਿਹਾ ਕਿ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ ਵਿੱਚ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਪੱਸ਼ਟ ਕਰੇ ਕਿ ਵੀਰਵਾਰ ਦੀ ਮੋਗਾ ਰੈਲੀ ਦਾ ਖਰਚਾ ਕਾਂਗਰਸ ਪਾਰਟੀ ਨੇ ਕੀਤਾ ਹੈ ਜਾਂ ਫਿਰ ਸਰਕਾਰੀ ਖਜ਼ਾਨੇ ਵਿੱਚੋਂ ਹੋਇਆ ਹੈ।