ਜਲੰਧਰ: ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਅਨੇਕਾਂ ਮੁਸ਼ਕਲਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਸਰਕਾਰ ਖਿਲਾਫ ਆਪਣਾ ਮੋਰਚਾ ਹੋ ਤਿੱਖਾ ਕਰ ਦਿੱਤਾ ਹੈ। ਖਹਿਰਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ੀਰੋ ਟੋਲਰੈਂਸ ਦਾ ਵਾਅਦਾ ਖਤਮ ਹੋ ਚੁੱਕਿਆ ਹੈ। ਸਰਕਾਰ ਪੁਰਾਣੇ ਵੇਲੇ ਦੇ ਭ੍ਰਿਸ਼ਟਾਚਾਰ ਨੂੰ ਖੋਲ੍ਹਣਾ ਨਹੀਂ ਚਾਹੁੰਦੀ। ਅਕਾਲੀਆਂ ਨਾਲ ਸਰਕਾਰ ਦੀ ਸਾਂਝ ਪੈ ਚੁੱਕੀ ਹੈ। ਇਸ ਦੇ ਨਾਲ ਹੀ ਖਹਿਰਾ ਨੇ ਕੈਪਟਨ ਸਰਕਾਰ ਖਿਲਾਫ ਗੰਭੀਰ ਇਲਜ਼ਾਮ ਲਾਉਂਦਿਆਂ ਸੰਕੇਤ ਦਿੱਤਾ ਹੈ ਕਿ ਉਹ ਸਰਕਾਰ ਖਿਲਾਫ ਜਟੇ ਰਹਿਣਗੇ।
ਖਹਿਰਾ ਨੇ ਕਿਹਾ ਕਿ 2013 ਤੋਂ 2016 ਤੱਕ ਜੇਲ੍ਹ ਡਿਪਾਰਟਮੈਂਟ ਨੇ ਬਿਨਾ ਟੈਂਡਰ ਲਾਏ 28 ਕਰੋੜ 12 ਲੱਖ ਰੁਪਏ ਦੀ ਖਰੀਦ ਕੀਤੀ ਸੀ। ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਸਵਾਲ ਪੁੱਛੇ ਜਾਣ 'ਤੇ ਕੈਪਟਨ ਸਰਕਾਰ ਨੇ ਨਾ ਵਿੱਚ ਜੁਆਬ ਦਿੱਤਾ ਹੈ। ਕੈਪਟਨ ਨੇ ਜਵਾਬ 'ਚ ਕਿਹਾ ਹੈ ਕਿ ਇਸ ਮਾਮਲੇ 'ਚ ਜਾਂਚ ਦੀ ਕੋਈ ਲੋੜ ਨਹੀਂ। ਕਿਸੇ ਇਨਕੁਆਇਰੀ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ।
2016 ਦੀ ਇੱਕ ਆਰਟੀਆਈ 'ਚ ਏਡੀਜੀਪੀ ਜੇਲ੍ਹ ਨੇ ਮੰਨਿਆ ਸੀ ਕਿ 2016 ਤੱਕ 28 ਕਰੋੜ 12 ਲੱਖ ਦੀ ਖਰੀਦ ਮੈਟਰੋ ਤੋਂ ਕੀਤੀ ਗਈ ਹੈ। ਇਹ ਗੈਰ ਕਾਨੂੰਨੀ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਵਿਧਾਨ ਸਭਾ 'ਚ ਝੂਠ ਬੋਲਦੇ ਹਨ। ਕੈਪਟਨ ਬਾਦਲ ਸਰਕਾਰ ਵੇਲੇ ਦੇ ਭ੍ਰਿਸ਼ਟ ਅਫਸਰਾਂ ਨੂੰ ਬਚਾਉਣਾ ਚਾਹੁੰਦੇ ਹਨ। ਇਸ ਦੇ ਬਦਲੇ ਅਕਾਲੀ ਕਾਂਗਰਸੀਆਂ ਦੇ ਖਿਲਾਫ ਨਹੀਂ ਬੋਲਦੇ। ਖਹਿਰਾ ਨੇ ਕਿਹਾ ਕਿ ਕੈਪਟਨ ਦਾ ਜ਼ੀਰੋ ਟੈਲਰੈਂਸ ਖਤਮ ਹੋ ਚੁੱਕਿਆ ਹੈ। ਇਹ ਉਸੇ ਦਿਨ ਖਤਮ ਹੋ ਗਿਆ ਸੀ ਜਿਸ ਦਿਨ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਕੈਪਟਨ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।