ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਨੇ ਲੁਧਿਆਣਾ ਨਗਰ ਨਿਗਮ ਚੋਣ ਨਾ ਕਰਾਉਣ ਖਿਲਾਫ ਝੰਡਾ ਚੁੱਕ ਲਿਆ ਹੈ। ਪਾਰਟੀ ਇਸ ਖ਼ਿਲਾਫ਼ ਕੱਲ੍ਹ ਸੁਪਰੀਮ ਕੋਰਟ ਜਾਣ ਦਾ ਐਲਾਨ ਕੀਤਾ ਹੈ। ਪਾਰਟੀ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਹਾਈਕੋਰਟ ਨੇ ਅੰਸ਼ਿਕ ਰਾਹਤ ਦਿੱਤੀ ਹੈ ਪਰ ਜਲਦ ਚੋਣ ਕਰਵਾਉਣ ਲਈ ਸੁਪਰੀਮ ਜਾ ਰਹੇ ਹਾਂ। ਦਰਅਸਲ ਹਾਈਕੋਰਟ ਨੇ ਚੋਣ ਦੀ ਗੱਲ ਨਹੀਂ ਮੰਨੀ ਤੇ ਸਿਰਫ ਵਾਰਡਬੰਦੀ ਦੀ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਇਸ ਕਾਰਕੇ ਲੁਧਿਆਣਾ ਚੋਣ ਨਹੀਂ ਕਰਵਾ ਰਹੀ ਕਿਉਂਕਿ ਕਾਂਗਰਸ ਹਾਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ 3 ਚੋਣਾਂ ਜਿੱਤ ਜਾਵੇਗੀ, ਉਦੋਂ ਇਹ ਚੋਣ ਕਰਵਾਏਗੀ ਤਾਂ ਕਿ ਜਿੱਤ ਨੂੰ ਦਿਖਾ ਕੇ ਲੁਧਿਆਣਾ ਨਿਗਮ ਜਿੱਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡਾ ਲੁਧਿਆਣਾ ਵਿੱਚ ਮਜ਼ਬੂਤ ਅਧਾਰ ਹੈ ਤੇ ਕਾਂਗਰਸ ਇਸੇ ਤੋਂ ਡਰਦੀ ਹੈ।
ਬੈਂਸ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਤੋਂ ਮੰਗ ਕਰਨਗੇ ਕਿ ਜਾਂ ਤਾਂ ਲੁਧਿਆਣਾ ਚੋਣ ਬਾਕੀ ਨਿਗਮਾਂ ਦੇ ਨਾਲ ਹੋਵੇ ਜਾਂ ਬਾਕੀ ਤਿੰਨ ਨਿਗਮਾਂ ਦੀਆਂ ਚੋਣਾਂ ਵੀ ਬਾਅਦ ਵਿੱਚ ਹੋਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਇਨਸਾਫ ਪਾਰਟੀ ਲੁਧਿਆਣਾ ਤੋਂ ਬਾਹਰ ਨਿਕਲੇਗੀ। ਉਨ੍ਹਾਂ ਕਿਹਾ ਕਿ ਅਸੀ ਹਰ ਜ਼ਿਲ੍ਹੇ ਵਿੱਚ ਆਪਣੇ ਅਹੁਦੇਦਾਰ ਲਾਉਣ ਜਾ ਰਹੇ ਹਾਂ।