ਫ਼ਰੀਦਕੋਟ: ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਬਰਗਾੜੀ ਮੋਰਚੇ 'ਤੇ ਪਹੁੰਚ ਗਏ ਹਨ। ਬੀਤੀ ਸੱਤ ਅਕਤੂਬਰ ਦੇ ਰੋਸ ਮਾਰਚ ਦੌਰਾਨ ਸਰਕਾਰ ਨੂੰ ਕਾਰਵਾਈ ਲਈ ਦਿੱਤੇ 15 ਦਿਨਾਂ ਦੇ ਅਲਟੀਮੇਟਮ ਪੂਰਾ ਹੋਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰਨ ਲਈ ਖਹਿਰਾ ਪਹੁੰਚੇ ਹਨ। । ਖਹਿਰਾ ਨੇ ਮੋਰਚੇ ਦੀ ਅਗਵਾਈ ਕਰ ਰਹੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨਾਲ ਮੁਲਾਕਾਤ ਕੀਤੀ ਤੇ ਅਗਲੀ ਰਣਨੀਤੀ 'ਤੇ ਵਿਚਾਰ ਕੀਤੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਮੋਰਚੇ ਨੂੰ ਵਿਦੇਸ਼ੀ ਫੰਡਿੰਗ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ। ਸੁਖਪਾਲ ਖਹਿਰਾ ਨੇ ਕਿਹਾ ਕਿ ਇਸੇ ਗੱਲ ਤੋਂ ਹੀ ਸਾਫ਼ ਹੁੰਦਾ ਹੈ ਕਿ ਅਕਾਲੀ ਤੇ ਕਾਂਗਰਸੀ ਮਿਲੇ ਹੋਏ ਹਨ, ਕਿਉਂਕਿ ਅਕਾਲੀ ਵੀ ਅਜਿਹੇ ਹੀ ਬਿਆਨ ਦਿੰਦੇ ਹਨ। ਖਹਿਰਾ ਨੇ ਕਿਹਾ ਕਿ ਬਰਗਾੜੀ ਮੋਰਚੇ ਤੋਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋ ਸਿੱਖ ਨੌਜਵਾਨਾਂ ਦੀ ਸ਼ਹਾਦਤ ਦਾ ਇਨਸਾਫ਼ ਚਾਹੀਦਾ ਹੈ, ਇਸ ਲਈ ਮੰਤਰੀ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਭੁਲੱਥ ਤੋਂ ਵਿਧਾਇਕ ਨੇ ਇੱਕ ਮਹਿਲਾ ਆਈਏਐਸ ਨਾਲ ਕੀਤੀ ਕਥਿਤ ਬਦਸਲੂਕੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਪਟਨ ਸਰਕਾਰ ਦੇ ਮੰਤਰੀ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ। ਖਹਿਰਾ ਨੇ ਕਿਹਾ ਕਿ ਕੈਪਟਨ ਇਸ ਮਾਮਲੇ ਦਾ ਰਾਜੀਨਾਵਾਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਨ੍ਹਾਂ ਤੋਂ ਸੂਬੇ ਵਿੱਚ ਕੁੜੀਆਂ ਵਿਰੁੱਧ ਹੋ ਰਹੀਆਂ ਵਧੀਕੀਆਂ ਨੂੰ ਰੋਕਣ ਦੀ ਕੀ ਆਸ ਕੀਤੀ ਜਾ ਸਕਦੀ ਹੈ।