ਜਲੰਧਰ: ਸ਼ਬਦਾਂ ਦੀ ਮਰਿਆਦਾ ਭੁੱਲਣ ਵਾਲੇ ਆਮ ਆਦਮੀ ਪਾਰਟੀ ਪਾਰਟੀ ਸੰਸਦ ਸਾਧੂ ਸਿੰਘ ਖਿਲਾਫ ਕਾਰਵਾਈ ਦੇ ਐਲਾਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਕਿਹਾ ਕਿ ਅਕਾਲ ਤਖ਼ਤ ਕੋਲ ਪਹਿਲਾਂ ਹੋਰ ਵੀ ਕਈ ਮਸਲੇ ਪੈਂਡਿੰਗ ਹਨ, ਪਹਿਲਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।


ਹਾਲਾਂਕਿ, ਸੁਖਪਾਲ ਖਹਿਰਾ ਨੇ ਮੰਨਿਆ ਕਿ ਪ੍ਰੋ. ਸਾਧੂ ਸਿੰਘ ਪਾਸੋਂ ਗ਼ਲਤੀ ਹੋਈ ਹੈ, ਪਰ ਅਕਾਲ ਤਖ਼ਤ ਸਾਹਿਬ ਕੋਲ ਹੋਰ ਵੀ ਕਈ ਗੰਭੀਰ ਮੁੱਦੇ ਹਨ। ਖਹਿਰਾ ਨੇ ਕਿਹਾ ਕਿ ਜੱਥੇਦਾਰ ਪਹਿਲਾਂ ਬੀਬੀ ਜਗੀਰ ਕੌਰ 'ਤੇ ਕਾਰਵਾਈ ਕਰਨ।

ਅੱਜ ਦੁਪਹਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਸਿੱਖ ਗੁਰੂਆਂ ਲਈ ਵਰਤੇ ਜਾਂਦੇ ਖ਼ਾਸ ਸ਼ਬਦ ਕਿਸੇ ਆਮ ਆਦਮੀ ਲਈ ਬੋਲਣਾ ਸਿੱਖ ਮਰਿਯਾਦਾ ਦੀ ਉਲੰਘਣਾ ਹੈ।

ਵਿਰੋਧੀ ਧਿਰ ਦੇ ਆਗੂ ਅੱਜ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਬੋਲ ਰਹੇ ਸਨ। ਉਨ੍ਹਾਂ ਅੱਜ ਕੈਪਟਨ ਸਰਕਾਰ ਦੀ ਕਰਜ਼ ਮੁਆਫੀ ਬਾਰੇ ਕਿਹਾ ਕਿ ਜਿਸ ਹਿਸਾਬ ਨਾਲ ਸਕੀਮ ਸ਼ੁਰੂ ਹੋਈ ਹੈ, ਉਸ ਹਿਸਾਬ ਨਾਲ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਮਿਲੇਗਾ। ਖਹਿਰਾ ਨੇ ਇਹ ਵੀ ਕਿਹਾ ਕਿ ਕੈਪਟਨ ਇਤਿਹਾਸ ਦੇ ਸਭ ਤੋਂ ਝੂਠੇ ਲੀਡਰ ਸਾਬਿਤ ਹੋਣਗੇ।