ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਬਕਾ ਵਿਰੋਧੀ ਧਿਰ ਦੇ ਲੀਡਰ ਨੇ ਮੌਜੂਦਾ ਵਿਰੋਧੀ ਧਿਰ ਦੇ ਲੀਡਰ ਵਿਰੁੱਧ ਫਿਰ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਸ਼ਨੀਵਾਰ ਨੂੰ ਸ਼ੁਰੂ ਹੋਏ ਮਾਨਸੂਨ ਇਜਲਾਸ ਵਿੱਚ ਸ਼ਿਰਕਤ ਕਰਨ ਆਏ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਗ਼ੈਰ ਸੰਵਿਧਾਨਕ ਤਰੀਕੇ ਨਾਲ ਚੁਣੇ ਲੀਡਰ ਦੇ ਖਿਲਾਫ਼ ਹਨ। ਖਹਿਰਾ ਨੇ ਕਿਹਾ ਕਿ ਹਰਪਾਲ ਚੀਮਾ ਦੀ ਨਿਯੁਕਤੀ ਗ਼ੈਰ ਸੰਵਿਧਾਨਕ ਤਰੀਕੇ ਨਾਲ ਕੀਤੀ ਗਈ ਹੈ। ਇਸ ਲਈ ਉਹ ਇਸ ਦੇ ਸਖ਼ਤ ਖ਼ਿਲਾਫ਼ ਹਨ ਤੇ ਇਸ ਦਾ ਲਗਾਤਾਰ ਵਿਰੋਧ ਕਰਦੇ ਰਹਿਣਗੇ। ਉਨ੍ਹਾਂ ਨੇ ਆਪਣੇ ਸਾਥੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਨਾ ਅਟੈਂਡ ਕਰਨ ਪਿੱਛੇ ਖਾਸ ਕਾਰਨ ਵੀ ਦੱਸਿਆ। ਸੁਖਪਾਲ ਖਹਿਰਾ ਨੇ ਆਪਣੀ ਪ੍ਰਭੂਸੱਤਾ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਲੋਕ ਉਨ੍ਹਾਂ ਨਾਲ ਹਨ। ਇਸ ਲਈ ਹਰਪਾਲ ਚੀਮਾ ਆ ਕੇ ਸਾਡੇ ਨਾਲ ਮੀਟਿੰਗ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫੂਲਕਾ ਮਿਲਣ ਜ਼ਰੂਰ ਆਏ ਸੀ ਪਰ ਉਨ੍ਹਾਂ ਦਰਮਿਆਨ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਮੁੱਦੇ 'ਤੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਜੋ ਮਤੇ ਪਾਸ ਕੀਤੇ ਸੀ, ਉਸ ਮੁਤਾਬਕ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ। ਉਨ੍ਹਾਂ ਆਪਣੀ ਸੀਟ ਪਿੱਛੇ ਕਰਨ ਬਾਰੇ ਕਿਹਾ ਕਿ ਸੀਟ ਚਾਹੇ ਅੱਗੇ ਹੋਏ ਚਾਹੇ ਪਿੱਛੇ ਅਸੀਂ ਆਪਣੇ ਤਰੀਕੇ ਨਾਲ ਮੁੱਦੇ ਚੁੱਕਦੇ ਰਹਾਂਗੇ। ਖਹਿਰਾ ਨੇ ਕਿਹਾ ਕਿ ਸਰਕਾਰ ਨੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਦੋ ਦਿਨ ਦੀ ਬਹਿਸ ਇੱਕ ਫਾਰਮੈਲਿਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਪੰਜ ਸੌ ਸਫ਼ਿਆਂ ਦੀ ਹੈ ਜਿਸ ਨੂੰ ਇੱਕ ਦਿਨ ਵਿੱਚ ਪੜ੍ਹਨਾ ਮੁਮਕਿਨ ਨਹੀਂ। ਖਹਿਰਾ ਧੜੇ ਨੇ ਵਿਧਾਨ ਸਭਾ ਵਿੱਚ ਮੁੱਦਾ ਚੁੱਕਿਆ ਸੀ ਕਿ ਰਿਪੋਰਟ ਅੱਜ ਹੀ ਟੇਬਲ ਕੀਤੀ ਜਾਵੇ, ਪਰ ਸਪੀਕਰ ਨੇ ਉਨ੍ਹਾਂ ਦੀ ਗੱਲ ਨਾ ਸੁਣਦੇ ਹੋਏ ਵਿਧਾਨ ਸਭਾ ਦਾ ਸੈਸ਼ਨ ਸ਼ਰਧਾਂਜਲੀ ਦੇਣ ਤੋਂ ਬਾਅਦ ਖਤਮ ਕਰ ਦਿੱਤਾ।