ਜਲੰਧਰ: ਨਕੋਦਰ ਰੋਡ 'ਤੇ ਅੱਜ ਸਵੇਰੇ ਪ੍ਰਾਈਵੇਟ ਸਕੂਲ ਦੀ ਬੱਸ ਪਲਟਣ ਨਾਲ ਦੋ-ਤਿੰਨ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਏਕਲਵਿਆ ਸਕੂਲ ਦੀ ਬੱਸ ਜਦੋਂ ਬੱਚਿਆਂ ਨੂੰ ਸਵੇਰੇ ਘਰੋਂ ਲੈਣ ਜਾ ਰਹੀ ਸੀ ਤਾਂ ਨਕੋਦਰ ਰੋਡ 'ਤੇ ਟੈਂਪੂ ਅੱਗੇ ਆ ਜਾਣ ਕਾਰਨ ਪਲਟ ਗਈ। ਹਾਦਸੇ ਵਾਪਰਨ ਸਮੇਂ ਬੱਸ ਵਿੱਚ ਚਾਰ ਬੱਚੇ ਤੇ ਦੋ ਅਧਿਆਪਕ ਹੀ ਸਵਾਰ ਸਨ। ਬੱਚਿਆਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਬੱਸ ਵਿੱਚ ਸਵਾਰ ਸਕੂਲ ਅਧਿਆਪਕ ਰਾਜਵਿੰਦਰ ਨੇ ਦੱਸਿਆ ਕਿ ਬੱਸ ਜ਼ਿਆਦਾ ਤੇਜ਼ ਨਹੀਂ ਸੀ ਤੇ ਅਚਾਨਕ ਉਨ੍ਹਾਂ ਨੂੰ ਝਟਕਾ ਲੱਗਿਆ ਤੇ ਬੱਸ ਪਲਟ ਗਈ। ਲਾਂਬੜਾ ਥਾਣੇ ਦੇ ਐਸਐਚਓ ਪੁਸ਼ਪ ਬਾਲੀ ਨੇ ਦੱਸਿਆ ਕਿ ਹਾਦਸੇ ਵਿੱਚ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਡ੍ਰਾਈਵਰ ਦਾ ਕਹਿਣਾ ਹੈ ਕਿ ਬੱਸ ਦੇ ਅੱਗੇ ਅਚਾਨਕ ਟੈਂਪੂ ਆ ਗਿਆ ਤੇ ਉਸ ਨੂੰ ਬਚਾਉਂਦੇ ਹੋਏ ਬਸ ਪਲਟ ਗਈ। ਹਾਲਾਂਕਿ, ਸੀਸੀਟੀਵੀ ਫੁਟੇਜ ਤੋਂ ਜਾਂਚ ਕੀਤੀ ਰਹੀ ਹੈ ਕਿ ਬੱਸ ਤੇਜ਼ ਤਾਂ ਨਹੀਂ ਸੀ।