ਏਸ਼ੀਅਨ ਖੇਡਾਂ 'ਚ ਪੰਜਾਬੀ ਗੱਭਰੂਆਂ ਦਾ ਚੱਲਿਆ ਸਿੱਕਾ
ਏਬੀਪੀ ਸਾਂਝਾ | 24 Aug 2018 11:30 AM (IST)
ਪਾਲੇਮਬੰਗ: ਭਾਰਤੀ ਕਿਸ਼ਤੀ ਚਾਲਕਾਂ ਨੇ ਸ਼ੁੱਕਰਵਾਰ ਨੂੰ ਦਿਨ ਚੜ੍ਹਦੇ ਹੀ ਦੇਸ਼ ਦੀ ਝੋਲੀ ਇੱਕ ਸੋਨ ਸਮੇਤ ਕੁੱਲ ਤਿੰਨ ਤਗ਼ਮੇ ਪਾ ਦਿੱਤੇ। 18ਵੀਆਂ ਏਸ਼ੀਅਨ ਖੇਡਾਂ ਦਾ 5ਵਾਂ ਦਿਨ ਮੈਡਲਾਂ ਖੁਣੋਂ ਸੁੱਕਾ ਜਾਣ ਕਾਰਨ ਦੋ ਪੰਜਾਬੀਆਂ ਸਮੇਤ ਚਾਰ ਖਿਡਾਰੀਆਂ ਦੀ ਟੀਮ ਨੇ ਸਰਵੋਤਮ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਦੇਸ਼ ਦੀ ਝੋਲੀ ਪਾਇਆ। ਇਸ ਤੋਂ ਇਲਾਵਾ ਇੱਕ ਹੋਰ ਪੰਜਾਬੀ ਖਿਡਾਰੀ ਭਗਵਾਨ ਸਿੰਘ ਨੇ ਵੀ ਗੁਰਬਤ ਤੇ ਸੰਘਰਸ਼ਮਈ ਜੀਵਨ 'ਚੋਂ ਨਿਕਲ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਮਾਨਸਾ ਜ਼ਿਲ੍ਹੇ ਦੇ ਸਵਰਨ ਸਿੰਘ ਦਲੇਲਵਾਲਾ, ਸੁਖਮੀਤ ਸਿੰਘ ਕਿਸ਼ਨਗੜ੍ਹ ਫਰਮਾਹੀ ਦੇ ਨਾਲ ਦੱਤੂ ਭੋਕਨਾਲ ਤੇ ਓਮ ਪ੍ਰਕਾਸ਼ ਦੀ ਟੀਮ ਨੇ ਚੌਕੜੀ (ਕੁਆਡਰਪਲ ਸਕੱਲਜ਼) ਕਿਸ਼ਤੀ ਚਾਲਣ ਵਿੱਚ 6:17.13 ਸਮੇਂ ਵਿੱਚ ਆਪਣਾ ਟੀਚਾ ਸਰ ਕਰ ਲਿਆ। ਇਸੇ ਈਵੈਂਟ ਵਿੱਚ ਮੇਜ਼ਬਾਨ ਇੰਡੋਨੇਸ਼ੀਆ ਤੇ ਥਾਈਲੈਂਡ ਨੇ ਕ੍ਰਮਵਾਰ ਚਾਂਦੀ ਤੇ ਕਾਂਸੇ ਦੇ ਤਗ਼ਮਿਆਂ 'ਤੇ ਕਬਜ਼ਾ ਜਮਾਇਆ। ਸੋਨ ਤਗ਼ਮਾ ਜਿੱਤਣ ਤੋਂ ਪਹਿਲਾਂ ਮੋਗਾ ਜ਼ਿਲ੍ਹੇ ਦੇ ਭਗਵਾਨ ਸਿੰਘ ਨੇ ਆਪਣੇ ਜੋੜੀਦਾਰ ਰੋਹਿਤ ਕੁਮਾਰ ਨਾਲ ਰਲ਼ ਕੇ ਜੋੜੀ (ਡਬਲ ਸਕੱਲਜ਼) ਹਲਕੀ (ਲਾਈਟਵੇਟ) ਕਿਸ਼ਤੀ ਚਾਲਣ ਵਿੱਚ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਦੋਵਾਂ ਨੇ ਆਪਣਾ ਟੀਚਾ 7:04.61 ਸਮੇਂ ਵਿੱਚ ਸਰ ਕਰਦਿਆਂ ਤੀਜਾ ਸਥਾਨ ਮੱਲਿਆ। ਇਸ ਤੋਂ ਪਹਿਲਾਂ ਇਕਹਿਰੀ (ਸਿੰਗਲ ਸਕੱਲਜ਼) ਕਿਸ਼ਤੀ ਚਾਲਣ ਵਿੱਚ ਦੁਸ਼ਿਅੰਤ ਨੇ ਵੀ ਕਾਂਸੇ ਦਾ ਤਗ਼ਮਾ ਜਿੱਤਿਆ। ਕਿਸ਼ਤੀ ਚਾਲਣ (ਰੋਇੰਗ) ਵਿੱਚ ਉਨ੍ਹਾਂ ਨੇ ਤਗ਼ਮਾ ਸੂਚੀ ਵਿੱਚ ਦੇਸ਼ ਨੂੰ ਦਾਖ਼ਲਾ ਦਿਵਾਇਆ ਤੇ ਫਿਰ ਡਬਲ ਤੇ ਕੁਆਡਰਪਲ ਸਕੱਲਜ਼ ਟੀਮਾਂ ਨੇ ਰੋਇੰਗ ਵਿੱਚ ਦੇਸ਼ ਦਾ ਝੰਡਾ ਹੋਰ ਉੱਚਾ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤੀ ਖਿਡਾਰੀਆਂ ਨੇ ਹੁਣ ਤਕ ਪੰਜ ਸੋਨ, ਚਾਰ ਚਾਂਦੀ ਤੇ 12 ਕਾਂਸੇ ਦੇ ਤਗ਼ਮਿਆਂ ਨਾਲ ਕੁੱਲ 21 ਮੈਡਲ ਜਿੱਤ ਲਏ ਹਨ।