ਬਠਿੰਡਾ: ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਾਥੀ ਵਿਧਾਇਕਾਂ ਨੇ ਬਠਿੰਡਾ ਵਿੱਚ ਸ਼ਕਤੀ ਪ੍ਰਦਰਸ਼ਨ ਕਰ ਕੇ ਦਿੱਲੀ ਹਾਈਕਮਾਨ ਨੂੰ ਨਾ ਸਿਰਫ਼ ਸਖ਼ਤ ਸੁਨੇਹਾ ਦਿੱਤਾ, ਬਲਕਿ ਉਨ੍ਹਾਂ ਵੱਲੋਂ ਟਵੀਟ ਕੀਤੇ ਨਵੇਂ ਵਿਰੋਧੀ ਧਿਰ ਦੇ ਲੀਡਰ ਨੂੰ ਰੱਦ ਵੀ ਕੀਤਾ। 'ਆਪ' ਵਿਧਾਇਕਾਂ ਨੇ ਮਤੇ ਪਾਸ ਕੀਤੇ। ਖਹਿਰਾ ਆਪਣੀ ਰੈਲੀ ਵਿੱਚ ਇਕੱਠ ਜੁਟਾਉਣ ਵਿੱਚ ਸਫਲ ਜ਼ਰੂਰ ਹੋਏ। ਅੰਦਾਜ਼ੇ ਮੁਤਾਬਕ ਅੱਠ ਤੋਂ ਦਸ ਹਜ਼ਾਰ ਲੋਕ ਇਸ ਕਨਵੈਨਸ਼ਨ ਦਾ ਹਿੱਸਾ ਬਣੇ।
ਖਰੜ ਤੋਂ ਵਿਧਾਇਕ ਤੇ 'ਆਪ' ਨੇਤਾ ਕੰਵਰ ਸੰਧੂ ਨੇ ਆਮ ਆਦਮੀ ਪਾਰਟੀ ਵਲੰਟੀਅਰਜ਼ ਕਨਵੈਨਸ਼ਨ ਦੇ ਬੈਨਰ ਹੇਠ ਸੱਦੇ ਇਕੱਠ ਵਿੱਚ ਕੁੱਲ ਛੇ ਮਤੇ ਪੜ੍ਹੇ ਤੇ ਸਮਰਥਕਾਂ ਤੋਂ ਇਨ੍ਹਾਂ ਦੀ ਪ੍ਰਵਾਨਗੀ ਲਈ। ਇਨ੍ਹਾਂ ਵਿੱਚ ਸਭ ਤੋਂ ਵੱਡਾ ਮਤਾ ਪਾਰੀਟ ਹਾਈਕਮਾਨ ਵੱਲੋਂ ਨਵੇਂ ਬਣਾਏ ਗਏ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੂੰ ਰੱਦ ਕਰਨ ਸਬੰਧੀ ਸੀ। ਮਤੇ ਵਿੱਚ ਕਿਹਾ ਗਿਆ ਕਿ ਆਉਣ ਵਾਲੇ ਇੱਕ ਹਫ਼ਤੇ ਦੇ ਅੰਦਰ ਪਾਰਟੀ ਦੇ ਸਾਰੇ ਵਿਧਾਇਕ ਚੰਡੀਗੜ੍ਹ ਵਿੱਚ ਇਕੱਠੇ ਹੋਣ ਤੇ ਨਵਾਂ ਵਿਰੋਧੀ ਧਿਰ ਦਾ ਨੇਤਾ ਚੁਣਨ।
ਇਸ ਤੋਂ ਇਲਾਵਾ ਇਸ ਰੈਲੀ ਵਿੱਚ ਵਿਧਾਇਕਾਂ ਨੇ ਜਮਹੂਰੀ ਤਰੀਕੇ ਨਾਲ ਕੰਮਕਾਜ ਕਰਨ ਦੀ ਮੰਗ ਕੀਤੀ ਤੇ ਬਾਕੀ ਦੇ ਸਾਰੇ ਮਤਿਆਂ ਵਿੱਚ ਵੀ ਆਜ਼ਾਦੀ ਦੀ ਮੰਗ ਕੀਤੀ। ਸੰਧੂ ਨੇ ਮਤੇ ਪੜ੍ਹਦਿਆਂ ਕਿਹਾ ਕਿ ਪਾਰਟੀ ਦੀ ਪੰਜਾਬ ਯੂਨਿਟ ਖ਼ੁਦਮੁਖ਼ਤਿਆਰ ਹੈ ਤੇ ਇਹ ਆਪਣੇ ਫੈਸਲੇ ਖ਼ੁਦ ਕਰੇਗੀ, ਢਾਂਚਾ ਤੇ ਨਿਯਮ ਖ਼ੁਦ ਤਿਆਰ ਕਰੇਗੀ ਤੇ ਕੌਮੀ ਲੀਡਰਸ਼ਿਪ ਨੂੰ ਸਮੇਂ ਸਮੇਂ 'ਤੇ ਸੂਚਨਾ ਦੇਵੇਗੀ। ਇਸ ਤੋਂ ਇਲਾਵਾ ਉਨ੍ਹਾਂ ਮੌਜੂਦਾ ਢਾਂਚੇ ਨੂੰ ਨਕਾਰਾ ਤੇ ਅਯੋਗ ਕਰਾਰ ਦਿੰਦਿਆਂ ਭੰਗ ਕਰਨ ਦਾ ਮਤਾ ਪਾਸ ਕੀਤਾ।
ਮਤੇ ਵਿੱਚ ਇਹ ਵੀ ਕਿਹਾ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਦੇ ਤੌਰ 'ਤੇ ਖਹਿਰਾ ਦੀ ਕਾਰਗੁਜ਼ਾਰੀ ਬਿਹਤਰੀਨ ਰਹੀ। ਇਸ ਦੇ ਨਾਲ ਹੀ ਪ੍ਰਵਾਸੀ ਪੰਜਾਬੀਆਂ ਦੇ ਹੁਣ ਤਕ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਧੰਨਵਾਦ ਕਰਦਿਆਂ ਅੱਗੋਂ ਵੀ ਸਹਿਯੋਗ ਮਿਲਦੇ ਰਹਿਣ ਦੀ ਆਸ ਕੀਤੀ। ਸੰਧੂ ਨੇ ਅਖੀਰ ਵਿੱਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸ਼ੁਰੂ ਕਰਨ ਦਾ ਮਤਾ ਪਾਸ ਕੀਤਾ ਤੇ 12 ਅਗਸਤ ਨੂੰ ਹੁਸ਼ਿਆਰਪੁਰ ਤੋਂ ਇਸ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਵਲੰਟੀਅਰਾਂ ਨੂੰ ਕਿਹਾ ਗਿਆ ਕਿ ਪੰਜਾਬ ਨਾਲ ਗ਼ਦਾਰੀ ਕਰਨ ਵਾਲਿਆਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ ਤੇ ਸ਼ਾਂਤਮਈ ਤਰੀਕੇ ਤੇ ਦਲੀਲ ਨਾਲ ਉਨ੍ਹਾਂ ਦਾ ਵਿਰੋਧ ਕਰਨਾ ਦਾ ਐਲਾਨ ਕੀਤਾ।