ਜਲੰਧਰ: ਅਮਰੀਕਾ ਜਾਣ ਦਾ ਸੁਫਨਾ ਪੰਜਾਬ ਦਾ ਹਰ ਉਹ ਚੌਥਾ ਨੌਜਵਾਨ ਇੱਕ ਵਾਰ ਜ਼ਰੂਰ ਵੇਖਦਾ ਹੈ ਜਿਹੜਾ 20-25 ਲੱਖ ਰੁਪਏ ਖਰਚਣ ਜੋਗਾ ਹੁੰਦਾ ਹੈ। ਅਮਰੀਕਾ ਜਾਣਾ ਇੰਨਾ ਵੀ ਸੌਖਾ ਨਹੀਂ। ਗੈਰ ਕਾਨੂੰਨੀ ਰਸਤੇ ਰਾਹੀਂ ਅਮਰੀਕਾ ਜਾਣ ਵਾਲਿਆਂ ਦਾ ਸਿੱਧਾ ਟਾਕਰਾ ਮੌਤ ਨਾਲ ਹੁੰਦਾ ਹੈ। ਅੱਜ ਲੁਧਿਆਣਾ ਦੀ ਬਸਤੀ ਜੋਧੇਵਾਲ ਦੇ ਇਹੋ ਜਿਹੇ ਨੌਜਵਾਨ ਦੀ ਕਹਾਣੀ ਦੱਸਦੇ ਹਾਂ ਜਿਹੜਾ ਪਨਾਮਾ ਦੇ ਜੰਗਲਾਂ ਵਿੱਚੋਂ ਮੌਤ ਦਾ ਮੂੰਹ ਵੇਖ ਕੇ ਪਰਤਿਆ ਹੈ।
ਪੱਚੀ ਲੱਖ ਰੁਪਏ ਖਰਚ ਕੇ ਲੁਧਿਆਣਾ ਤੋਂ ਅਮਰੀਕਾ ਲਈ ਰਵਾਨਾ ਹੋਇਆ ਨਾਨਕ ਜਦੋਂ 15 ਦਿਨ ਦਿਨ ਇਕੱਲਾ ਪਨਾਮਾ ਦੇ ਜੰਗਲਾਂ ਵਿੱਚ ਭੁੱਖਾ-ਪਿਆਸਾ ਭਟਕਿਆ ਤਾਂ ਉਸ ਦੀ ਦਿਮਾਗੀ ਹਾਲਤ ਠੀਕ ਨਾ ਰਹੀ। ਏਜੰਟ ਨੇ 25 ਲੱਖ ਰੁਪਏ ਵਿੱਚ ਸਹੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਕਹਿ ਕੇ ਨਾਨਕ ਨੂੰ ਗੈਰ ਕਾਨੂੰਨੀ ਰਸਤੇ ਰਾਹੀਂ ਅਮਰੀਕਾ ਭੇਜਣ ਲਈ 7 ਅਪ੍ਰੈਲ ਨੂੰ ਨਵੀਂ ਦਿੱਲੀ ਤੋਂ ਸਾਉਥ ਅਫਰੀਕਾ ਲਈ ਜਹਾਜ਼ 'ਤੇ ਚੜ੍ਹਾ ਦਿੱਤਾ।
ਟਰੈਵਲ ਏਜੰਟ ਨੇ ਨਾਨਕ ਨੂੰ ਨਵੀਂ ਦਿੱਲੀ ਤੋਂ ਪਹਿਲਾਂ ਸਾਉਥ ਅਫਰੀਕਾ ਦੇ ਇਕਵਾਡੋਰ ਭੇਜਿਆ। ਇਸ ਤੋਂ ਬਾਅਦ ਕੋਲੰਬੀਆ ਤੇ ਫਿਰ ਪਨਾਮਾ। ਇਸ ਤੋਂ ਬਾਅਦ ਪਨਾਮਾ ਦੇ ਜੰਗਲ ਪਾਰ ਕਰਦੇ ਹੋਏ ਨਾਨਕ ਦਾ ਸਾਹਮਣਾ ਮੌਤ ਨਾਲ ਹੋਇਆ। ਹੁਣ ਨਾਨਕ ਦਾ ਲੁਧਿਆਣਾ ਵਿੱਚ ਦਿਮਾਗੀ ਇਲਾਜ ਚੱਲ ਰਿਹਾ ਹੈ। ਗੱਲ ਕਰਦੇ-ਕਰਦੇ ਉਹ ਕਈ ਗੱਲਾਂ ਭੁੱਲ ਵੀ ਜਾਂਦਾ ਹੈ।
ਨਾਨਕ ਦਾ ਸਭ ਤੋਂ ਵੱਡਾ ਸੰਘਰਸ਼ ਸ਼ੁਰੂ ਹੋਇਆ ਪਨਾਮਾ ਦੇ ਜੰਗਲ ਪਾਰ ਕਰਨ ਵੇਲੇ। ਉਸ ਵੇਲੇ ਨਾਨਕ ਨਾਲ 60 ਤੋਂ 80 ਨੌਜਵਾਨ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ, ਕੁਝ ਹਿੰਦੁਸਤਾਨ ਦੇ ਦੂਜੇ ਸੂਬਿਆਂ ਦੇ ਤੇ ਕੁਝ ਪਾਕਿਸਤਾਨ ਤੇ ਅਫਗਾਨਿਸਤਾਨ ਵਾਲੇ ਵੀ ਸੀ। ਆਮ ਤੌਰ 'ਤੇ ਪਨਾਮਾ ਦੇ ਡਰਾਉਣੇ ਜੰਗਲ 7 ਦਿਨਾਂ ਵਿੱਚ ਪਾਰ ਹੋ ਜਾਂਦੇ ਹਨ। ਸਫਰ ਦੌਰਾਨ ਨਾਨਕ ਨੂੰ ਸੱਪ ਵਰਗੀ ਕਿਸੇ ਚੀਜ਼ ਨੇ ਵੱਢ ਲਿਆ। ਉਸ ਦੇ ਜ਼ਖਮ ਹੋ ਗਿਆ। ਨਾਨਕ ਮੁੰਡਿਆਂ ਨਾਲ ਅੱਗੇ ਨਾ ਜਾ ਸਕਿਆ। ਕਾਫਲਾ ਕਾਫੀ ਦੂਰ ਚਲਾ ਗਿਆ। ਏਜੰਟ ਪਨਾਮਾ ਤੋਂ ਕੋਸਟਾ ਰਿਕਾ ਟਾਪੂ ਤੇ ਫਿਰ ਮੈਕਸੀਕੋ ਭੇਜਦੇ ਹਨ। ਮੈਕਸੀਕੋ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਵਾਇਆ ਜਾਂਦਾ ਹੈ।
ਅਮਰੀਕਾ ਜਾਣ ਤੋਂ ਪਹਿਲਾਂ ਨਾਨਕ ਨੇ ਬਹੁਤ ਸਾਰਾ ਸਾਮਾਨ ਵੀ ਪੰਜਾਬ ਤੋਂ ਖਰੀਦ ਲਿਆ ਸੀ। ਕੱਪੜੇ, ਤਿੰਨ ਜੋੜੇ ਬੂਟਾਂ ਤੇ ਦੋ ਮੋਬਾਈਲ ਫੋਨ। ਇਹ ਸਾਰਾ ਕੁਝ ਏਜੰਟ ਦੇ ਕਿਸੇ ਬੰਦੇ ਨੇ ਐਕਵਾਡੋਰ ਵਿੱਚ ਹੀ ਲੈ ਲਿਆ ਸੀ। ਉਸ ਨੇ ਕਿਹਾ ਸੀ ਕਿ ਇਹ ਸਾਰਾ ਕੁਝ ਉਹ ਅਮਰੀਕਾ ਪਹੁੰਚਾ ਦੇਵੇਗਾ। ਭੁੱਖਾ, ਪਿਆਸਾ ਨਾਨਕ ਦੋ ਹਫਤੇ ਜੰਗਲ ਵਿੱਚ ਭਟਕਦਾ ਰਿਹਾ। ਇਸ ਦੌਰਾਨ ਪਿੱਛੋਂ ਆਏ ਨੌਜਵਾਨਾਂ ਦੇ ਦੂਜੇ ਜਥੇ ਨੇ ਨਾਨਕ ਨੂੰ ਆਪਣੇ ਨਾਲ ਅੱਗੇ ਲਿਜਾਣ ਦੀ ਗੱਲ ਕੀਤੀ ਪਰ ਨਾਨਕ ਜਾਣਦਾ ਸੀ ਕਿ ਉਹ ਜ਼ਖਮ ਨਾਲ ਉਨ੍ਹਾਂ ਦਾ ਹਾਣੀ ਨਹੀਂ ਬਣ ਸਕੇਗਾ।
ਨੌਜਵਾਨਾਂ ਦਾ ਦੂਜਾ ਜੱਥਾ ਵੀ ਅੱਗੇ ਚਲਾ ਗਿਆ। ਸ਼ਾਇਦ 15 ਦਿਨਾਂ ਵਿੱਚ ਨਾਨਕ ਨੇ ਇਹ ਜੰਗਲ ਪਾਰ ਕੀਤਾ ਤੇ ਕੋਸਟਾ ਰਿਕਾ ਟਾਪੂ 'ਤੇ ਪਹੁੰਚ ਗਿਆ। ਨਾਨਕ ਨੂੰ ਸੜਕ 'ਤੇ ਪਏ ਵੇਖ ਕੇ ਉੱਥੋਂ ਦੇ ਇੱਕ ਬੰਦੇ ਨੇ ਉਸ ਦੀ ਮਦਦ ਬਾਰੇ ਪੁੱਛਿਆ ਪਰ ਨਾਨਕ ਨੂੰ ਜਰਮਨ ਭਾਸ਼ਾ ਨਾ ਆਉਣ ਕਰਕੇ ਕੋਈ ਗੱਲ ਸਮਝ ਨਹੀਂ ਆਈ। ਨਾਨਕ ਨੇ ਆਪਣੀ ਜੇਬ ਵਿੱਚ ਪਏ ਕਾਗਜ਼ 'ਤੇ ਆਪਣੇ ਵੱਡੇ ਭਰਾ ਦਾ ਨੰਬਰ ਲਿਖਿਆ ਹੋਇਆ ਸੀ। ਨਾਨਕ ਨੇ ਉਹ ਉਸ ਬੰਦੇ ਨੂੰ ਫੜਾ ਦਿੱਤਾ। ਇਸ ਤੋਂ ਬਾਅਦ ਨਾਨਕ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਦਾ ਉਸ ਨੂੰ ਬਹੁਤਾ ਕੁਝ ਯਾਦ ਨਹੀਂ।
ਨਾਨਕ ਦੇ ਵੱਡੇ ਭਰਾ ਵਿੱਕੀ ਨੇ ਦੱਸਿਆ ਕਿ ਅੰਗਰੇਜ਼ ਨੇ ਉਸ ਨੂੰ ਫੋਨ ਕਰਕੇ ਨਾਨਕ ਬਾਰੇ ਦੱਸਿਆ। ਅੰਗਰੇਜ਼ ਨੇ ਪੁੱਛਿਆ ਕਿ ਕੀ ਉਹ ਨਾਨਕ ਨੂੰ ਆਪਣੇ ਘਰ ਲਿਜਾ ਸਕਦਾ ਹੈ। ਪਰਿਵਾਰ ਵੱਲੋਂ ਹਾਂ ਕਹਿਣ 'ਤੇ ਉਸ ਨੇ ਨਾਨਕ ਦੀਆਂ ਤਸਵੀਰਾਂ ਪਰਿਵਾਰ ਨੂੰ ਭੇਜੀਆਂ ਤੇ ਫਿਰ ਉਸ ਨੂੰ ਆਪਣੇ ਘਰ ਲੈ ਗਿਆ ਤੇ ਸਵਾਂ ਦਿੱਤਾ। ਉਸ ਨੇ ਕਿਹਾ ਕਿ ਨਾਨਕ ਜਦੋਂ ਸਵੇਰੇ ਉੱਠੇਗਾ ਤਾਂ ਉਸ ਦੀ ਗੱਲ ਕਰਵਾ ਦੇਵੇਗਾ।
ਇਹ ਪਹਿਲੀ ਵਾਰ ਸੀ ਜਦੋਂ ਨਾਨਕ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਮੁੰਡਾ ਅਮਰੀਕਾ ਜਾਣ ਦੀ ਥਾਂ ਕੋਸਟਾ ਰਿਕਾ ਦੀਆਂ ਸੜਕਾਂ 'ਤੇ ਰੁਲ ਰਿਹਾ ਹੈ। ਸਵੇਰੇ ਮਦਦ ਕਰਨ ਵਾਲੇ ਬੰਦੇ ਨੇ ਜਦੋਂ ਨਾਨਕ ਨੂੰ ਫੋਨ 'ਤੇ ਪਰਿਵਾਰ ਨਾਲ ਗੱਲ ਕਰਨ ਲਈ ਕਿਹਾ ਤਾਂ ਨਾਨਕ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਾ ਸੀ। ਉਹ ਪੁੱਠੀਆਂ ਸਿੱਧੀਆਂ ਗੱਲਾਂ ਕਰ ਰਿਹਾ ਸੀ। ਇਸ ਤੋਂ ਬਾਅਦ ਮਦਦਗਾਰ ਬੰਦੇ ਨੇ ਪੁਲਿਸ ਬੁਲਾਈ ਤੇ ਨਾਨਕ ਨੂੰ ਹਸਪਤਾਲ ਦਾਖਲ ਕਰਵਾਇਆ।
ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਨਾਨਕ ਦੋ ਮਹੀਨੇ ਇਲਾਜ ਲਈ ਕੋਸਟਾ ਰਿਕਾ ਦੇ ਹਸਪਤਾਲ ਵਿੱਚ ਦਾਖਲ ਰਿਹਾ। ਜਦੋਂ ਥੋੜ੍ਹਾ ਬੋਲਣ ਜੋਗਾ ਹੋਇਆ ਤਾਂ ਉੱਥੇ ਰਹਿ ਰਹੇ ਬੰਗਲੌਰ ਦੇ ਇੱਕ ਹਿੰਦੋਸਤਾਨੀ ਨੇ ਆ ਕੇ ਨਾਨਕ ਨਾਲ ਗੱਲ ਕੀਤੀ। ਇਸ ਦੌਰਾਨ ਹਿੰਦੁਸਤਾਨ ਵਿੱਚ ਉਸ ਦਾ ਪਰਿਵਾਰ ਪੰਜਾਬ ਪੁਲਿਸ, ਬੀਜੇਪੀ ਦੇ ਲੀਡਰ ਅਵਿਨਾਸ਼ ਰਾਏ ਖੰਨਾ ਰਾਹੀਂ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਤੱਕ ਗੇੜੇ ਮਾਰਨ ਲੱਗੇ। ਅਖੀਰ ਨਾਨਕ ਦੀ ਹਾਲਤ ਕੁਝ ਸੁਧਰੀ ਤਾਂ ਉਸ ਨੇ ਪਰਿਵਾਰ ਨਾਲ ਗੱਲ ਕਰਕੇ ਆਪਣੇ ਬਾਰੇ ਦੱਸਿਆ।
ਹੌਜ਼ਰੀ ਦਾ ਕਾਰੋਬਾਰ ਕਰਨ ਵਾਲੇ ਨਾਨਕ ਦੇ ਪਿਤਾ ਸੁਰਿੰਦਰ ਨੇ ਆਪਣੀ ਜ਼ਿੰਦਗੀ ਦੀ ਬਚਤ ਨਾਨਕ ਨੂੰ ਅਮਰੀਕਾ ਭੇਜਣ ਲਈ ਲਾ ਦਿੱਤਾ। ਖਾਸ ਗੱਲ ਇਹ ਹੈ ਕਿ ਅਮਰੀਕਾ ਭੇਜਣ ਬਾਰੇ ਉਨ੍ਹਾਂ ਦੇ ਗੁਆਂਢੀ ਨੇ ਹੀ ਨਾਨਕ ਨਾਲ ਗੱਲ ਕੀਤੀ ਸੀ ਪਰ ਉਸ ਵੇਲੇ ਪਰਿਵਾਰ ਨੂੰ ਇਹ ਅੰਦਾਜ਼ਾ ਬਿਲਕੁਲ ਵੀ ਨਹੀਂ ਹੋ ਸਕਿਆ ਕਿ ਨਾਨਕ ਨੂੰ ਮੌਤ ਦੇ ਮੂੰਹ ਵਿੱਚ ਭੇਜਿਆ ਜਾ ਰਿਹਾ ਹੈ।
ਨਾਨਕ ਹਸਪਤਾਲ ਵਿੱਚ ਜਦੋਂ ਥੋੜ੍ਹਾ ਠੀਕ ਹੋਇਆ ਤਾਂ ਕੋਸਟਾ ਰਿਕਾ ਵਿੱਚ ਭਾਰਤੀ ਅੰਬੈਸੀ ਨੇ ਉਸ ਨੂੰ ਵਾਪਸ ਭਾਰਤ ਭੇਜਣ ਬਾਰੇ ਗੱਲ ਸ਼ੁਰੂ ਕੀਤੀ। ਇਸ ਦੌਰਾਨ ਤੱਕ ਹਸਪਤਾਲ ਦਾ ਬਿੱਲ 10 ਲੱਖ ਰੁਪਏ ਬਣ ਚੁੱਕਿਆ ਸੀ। ਪਰਿਵਾਰ ਕੋਲ ਇੰਨੇ ਪੈਸੇ ਨਹੀਂ ਸਨ। ਵਿਦੇਸ਼ ਮੰਤਰੀ ਨੇ ਅੰਬੈਸੀ ਰਾਹੀਂ ਇਹ ਬਿੱਲ ਮੁਆਫ ਕਰਵਾਇਆ ਤੇ ਨਾਨਕ ਨੂੰ ਐਮਰਜੈਂਸੀ ਪਾਸਪੋਰਟ ਜਾਰੀ ਕੀਤਾ ਗਿਆ। ਪਰਿਵਾਰ ਨੇ ਦੋ ਲੱਖ ਰੁਪਏ ਦੀਆਂ ਟਿਕਟਾਂ ਲੈ ਕੇ ਭੇਜੀਆਂ ਤੇ ਨਾਨਕ ਮੌਤ ਦੇ ਮੂੰਹ ਵਿੱਚੋਂ ਵਾਪਸ ਆਪਣੇ ਘਰ ਲੁਧਿਆਣਾ ਪਰਤ ਆਇਆ।
ਨਾਨਕ ਦਾ ਇੱਕ ਵੱਡਾ ਭਰਾ ਫਿਲੀਪੀਂਸ ਵਿੱਚ ਰਹਿੰਦਾ ਹੈ। ਹੁਣ ਨਾਨਕ ਹੱਥ ਜੋੜ ਕੇ ਕਹਿੰਦਾ ਹੈ ਕਿ ਕੋਈ ਵੀ ਅਮਰੀਕਾ ਦੋ ਨੰਬਰ ਦੇ ਰਸਤੇ ਵਿੱਚੋਂ ਨਾ ਜਾਵੇ। ਜੇ ਮਾਂਵਾਂ ਨੇ ਆਪਣੇ ਪੁੱਤ ਗੁਆਉਣੇ ਹਨ ਤਾਂ ਹੀ ਅਮਰੀਕਾ ਭੇਜਣ। ਨਾਨਕ ਦੀ ਮਾਂ ਸੰਧਿਆ ਨੂੰ ਦੋ ਵਾਰ ਦਿਲ ਦਾ ਦੌਰਾ ਪੈ ਚੁੱਕਿਆ ਹੈ। ਹੁਣ ਉਹ ਇਹੋ ਕਹਿੰਦੇ ਹਨ ਕਿ ਉਨ੍ਹਾਂ ਦਾ ਬੱਚਾ ਵਾਪਸ ਆ ਗਿਆ ਹੋਰ ਉਨ੍ਹਾਂ ਨੂੰ ਕੀ ਚਾਹੀਦਾ ਹੈ।