ਵਾਸ਼ਿੰਗਟਨ: ਅਮਰੀਕਾ ਨੇ ਭਾਰਤ ਨੂੰ 'ਸਟ੍ਰੈਟੇਜਿਕ ਟ੍ਰੇਡ ਆਥਰਾਈਜੇਸ਼ਨ-1' ਏਐਸਟੀਏ-1 ਦੇਸ਼ ਦਾ ਦਰਜਾ ਦਿੱਤਾ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਾਲੇ ਵੱਡਾ ਮੋੜ ਆ ਸਕਦਾ ਹੈ। ਅਮਰੀਕਾ ਦੇ ਇਸ ਕਦਮ ਤੋਂ ਬਾਅਦ ਹੁਣ ਭਰਤ ਸਸਤੇ ਭਾਅ 'ਤੇ ਤਕਨੀਕੀ ਉਤਪਾਦ ਖਰੀਦ ਸਕੇਗਾ। ਇਹ ਦਰਜਾ ਹਾਸਿਲ ਕਰਨ ਵਾਲਾ ਦੱਖਣੀ ਏਸ਼ੀਆ ਦਾ ਭਾਰਤ ਪਹਿਲਾ ਦੇਸ਼ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ 2016 'ਚ ਭਾਰਤ ਨੂੰ 'ਮੇਜਰ ਡਿਫੈਂਸ ਪਾਰਟਨਰ' ਦਾ ਦਰਜਾ ਦਿੱਤਾ ਸੀ ਜੋ ਭਾਰਤ ਨੂੰ ਅਮਰੀਕਾ ਤੋਂ ਜ਼ਿਆਦਾ ਐਡਵਾਂਸਡ ਤੇ ਸੈਂਸਟਿਵ ਤਕਨੀਕ ਖਰੀਦਣ ਦੀ ਇਜ਼ਾਜਤ ਦਿੰਦਾ ਹੈ ਤੇ ਨਾਲ ਹੀ ਭਾਰਤ ਨੂੰ ਅਮਰੀਕਾ ਦੇ ਨਜ਼ਦੀਕੀ ਦੇਸ਼ਾਂ ਦੀ ਸੂਚੀ 'ਚ ਸ਼ਾਮਿਲ ਕਰਦਾ ਹੈ।
ਕੀ ਹੈ ਐਸਟੀਏ-1
ਅਮਰੀਕਾ ਦੇ ਕਾਮਰਸ ਵਿਭਾਗ ਮੁਤਾਬਕ ਜੋ ਦੇਸ਼ ਐਸਟੀਏ-1 ਦੀ ਸ਼੍ਰੇਣੀ 'ਚ ਸ਼ਾਮਿਲ ਹੁੰਦੇ ਹਨ ਉਹ ਨੈਸ਼ਨਲ ਸਿਕਿਓਰਟੀ, ਕੈਮੀਕਲ ਜਾਂ ਬਾਇਓਲੌਜੀਕਲ ਹਥਿਆਰ, ਨਿਊਕਲੀਅਰ ਨਾਨ-ਪ੍ਰੋਲਿਫਰੇਸ਼ਨ, ਰੀਜ਼ਨਲ ਸਟੇਬਿਲਿਟੀ ਤੇ ਕ੍ਰਾਈਮ ਕੰਟਰੋਲ ਨਾਲ ਜੁੜੇ ਉਤਪਾਦ ਤੇ ਤਕਨੀਕ ਪ੍ਰਾਪਤ ਕਰਨ ਦੇ ਹੱਕਦਾਰ ਬਣ ਜਾਂਦੇ ਹਨ। ਇਹ ਦਰਜਾ ਪਾਉਣ ਤੋਂ ਬਾਅਦ ਇਸ ਸਮੇਂ ਅਮਰੀਕਾ 'ਚੋਂ ਭਾਰਤ 'ਚ ਬਰਾਮਦ ਹੋਣ ਵਾਲੀਆਂ 50 ਫ਼ੀਸਦੀ ਵਸਤਾਂ ਨੂੰ ਹੁਣ ਕਿਸੇ ਲਾਇਸੈਂਸ ਦੀ ਲੋੜ ਨਹੀਂ ਹੋਵੇਗੀ।
ਕਿਹੜੇ ਦੇਸ਼ਾਂ ਨੂੰ ਮਿਲ ਚੁੱਕਾ ਇਹ ਦਰਜਾ
ਫਿਲਹਾਲ ਐਸਟੀਏ-1 ਦਰਜਾ ਪਾਉਣ ਵਾਲੇ ਕੁੱਲ 36 ਦੇਸ਼ ਹਨ। ਜਾਪਾਨ ਤੇ ਦੱਖਣੀ ਕੋਰੀਆ ਤੋਂ ਬਾਅਦ ਭਾਰਤ ਏਸ਼ੀਆ ਦਾ ਤੀਜਾ ਅਜਿਹਾ ਦੇਸ਼ ਹੈ ਜੋ ਇਸ ਸੂਚੀ 'ਚ ਸ਼ਾਮਿਲ ਹੋਇਆ ਹੈ। ਅਜੇ ਤੱਕ ਭਾਰਤ ਨੂੰ 'ਐਸਟੀਏ-2 ਦਾ' ਦਰਜਾ ਹਾਸਿਲ ਸੀ।
ਅਮਰੀਕਾ ਦਾ ਇਸ 'ਤੇ ਕੀ ਕਹਿਣਾ
ਅਮਰੀਕਾ ਦੇ ਕਾਮਰਸ ਸੈਕਟਰੀ ਵਿਲਬਰ ਰਾਸ ਨੇ ਐਲਾਨ ਕਰਦਿਆਂ ਕਿਹਾ ਕਿ ਭਾਰਤ ਨੂੰ 'ਸਟ੍ਰੈਟੇਜਿਕ ਟ੍ਰੇਡ ਆਥਰਾਈਜੇਸ਼ਨ-1' ਦਾ ਦਰਜਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਯੂਐਸ ਚੈਂਬਰਸ ਆਫ ਕਾਮਰਸ ਵੱਲੋਂ ਕਰਵਾਈ ਪ੍ਰੈ ਕਾਨਫਰੰਸ 'ਚ ਰਾਸ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਨੂੰ ਇਹ ਦਰਜਾ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਦੋਵਾਂ ਦੇਸ਼ਾਂ ਦੇ ਸੁਰੱਖਿਆ ਤੇ ਆਰਥਿਕ ਸਬੰਧ ਕਿੰਨੇ ਗਹਿਰੇ ਹਨ।