ਚੰਡੀਗੜ੍ਹ: ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਇਸ ਵਾਰ 7 ਤਾਰੀਖ ਹੋਣ ਦੇ ਬਾਵਜੂਦ ਤਨਖਾਹ ਨਾ ਮਿਲਣ ਕਾਰਨ ਆਪ ਸਰਕਾਰ ਘਿਰ ਗਈ। ਇਸ ਕਾਰਨ ਸਿਹਤ ਵਿਭਾਗ ਦੇ ਡਾਕਟਰਾਂ ਸਮੇਤ ਟਰਾਂਸਪੋਰਟ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ ਦੇ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀ। ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਆਮ ਤੌਰ 'ਤੇ 5 ਤਰੀਕ ਤੱਕ ਤਨਖਾਹ ਮਿਲਦੀ ਹੈ ਪਰ ਇਸ ਵਾਰ 7 ਤਰੀਕ ਤੱਕ ਤਨਖਾਹ ਨਹੀਂ ਆਈ। ਇਸ ਕਾਰਨ ਬੱਚਿਆਂ ਦੀ ਸਕੂਲ ਫੀਸ, ਘਰ ਦਾ ਰਾਸ਼ਨ, ਕਿਸ਼ਤ ਆਦਿ ਕਾਫੀ ਪ੍ਰਭਾਵਿਤ ਹੋ ਰਿਹਾ ਹੈ।ਹਾਲਾਂਕਿ ਖ਼ਬਰਾਂ ਵਿੱਚ ਮੁੱਦਾ ਆਉਣ ਮਗਰੋਂ ਮੁਲਜ਼ਮਾਂ ਨੂੰ ਤਨਖਾਹਾਂ ਮਿਲ ਗਈਆਂ।


ਕਾਂਗਰਸ ਨੇ ਇਸ ਮੁੱਦੇ 'ਤੇ 'ਆਪ' ਨੂੰ ਘੇਰਿਆ ਹੈ।ਸੁਖਪਾਲ ਖਹਿਰਾ ਨੇ ਕਿਹਾ, "ਪੰਜਾਬ ਦੀ ਵਿੱਤੀ ਸਥਿਤੀ ਦਾ ਮਜ਼ਾਕ ਉਡਾਉਣ ਵਾਲੇ ਅਤੇ ਇਸਨੂੰ "ਪੀਪਾ" ਕਹਿਣ ਵਾਲਿਆਂ ਨੂੰ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਲਈ ਆਰਬੀਆਈ ਤੋਂ ਪੈਸਾ ਉਧਾਰ ਲੈਣਾ ਪੈ ਰਿਹਾ ਹੈ! ਮੈਂ ਬੇਨਤੀ ਕਰਦਾ ਹਾਂ ਭਗਵੰਤ ਮਾਨ ਵਿਅਰਥ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ 'ਤੇ ਫਜ਼ੂਲ ਖਰਚਿਆਂ ਨੂੰ ਘਟਾਉਣ ਤਾਂ ਜੋ ਅਸੀਂ ਕਰਜ਼ੇ ਦੇ ਹੋਰ ਦੁਸ਼ਟ ਚੱਕਰ ਵਿੱਚ ਨਾ ਫਸੀਏ।"









ਉਧਰ, ਪੰਜਾਬ ਸਰਕਾਰ ਨੇ ਖਜ਼ਾਨਾ ਖਾਲੀ ਹੋਣ ਦੀ ਚਰਚਾ ਨੂੰ ਰੱਦ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੂਬੇ ਦੀ ਵਿੱਤੀ ਹਾਲਤ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਸਰਕਾਰੀ ਖ਼ਜ਼ਾਨੇ ਵਿੱਚ ਮੁਦਰਾ ਦਾ ਪ੍ਰਵਾਹ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਤਨਖਾਹ ਲਈ 3400 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। 


ਚੀਮਾ ਨੇ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸੀਐਸਐਫ/ਜੀਆਰਐਫ ਬਾਰੇ ਦਿਸ਼ਾ-ਨਿਰਦੇਸ਼ਾਂ ਤੇ ਮਾਪਦੰਡਾਂ ਅਨੁਸਾਰ ਰਕਮ ਕਢਵਾਉਣ ਸਬੰਧੀ ਵਿਸ਼ੇਸ਼ ਸਹੂਲਤ ਨੂੰ ਮੁੜ ਸੁਰਜੀਤ ਕਰਨ ਦੇ ਅਮਲ ਕਰਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਹੋਰ ਅਦਾਇਗੀਆਂ ਵਿੱਚ ਦੇਰੀ ਹੋਈ ਹੈ।