ਅਦਾਲਤ ਨੇ ਗ੍ਰਿਫ਼ਤਾਰ ਸਾਰੇ ਮੁਲਜ਼ਮਾਂ ਨੂੰ ਅੱਜ 14 ਸਤੰਬਰ ਨੂੰ ਮੁਹਾਲੀ ਵਿੱਚ ਐਨਆਈਏ ਦੀ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਕਰਨ ਤੇ ਨਿਯਮਾਂ ਅਨੁਸਾਰ ਜੁਡੀਸ਼ਲ ਫ਼ਾਈਲ ਐਨਆਈਏ ਦੀ ਵਿਸ਼ੇਸ਼ ਅਦਾਲਤ ’ਚ ਭੇਜਣ ਦਾ ਹੁਕਮ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਐਨਆਈਏ ਦੇ ਡੀਆਈਜੀ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨ ਲਈ ਪੁੱਜ ਰਹੇ ਹਨ।
ਮੁਲਜ਼ਮਾਂ ਦੇ ਕਰੋਨਾ ਟੈਸਟ ਲਈ 14 ਸਤੰਬਰ ਤਕ ਪੁਲਿਸ ਰਿਮਾਂਡ ਲਿਆ ਗਿਆ ਸੀ। ਮੁੱਖ ਮੁਲਜ਼ਮ ਇੰਦਰਜੀਤ ਸਿੰਘ ਗਿੱਲ ਤੇ ਜਸਪਾਲ ਸਿੰਘ ਉਰਫ਼ ਰਿੰਪਾ ਤੇ ਖਾਲਿਸਤਾਨੀ ਝੰਡਾ ਝੁਲਾਉਣ ਲਈ ਉਕਸਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਜਗਵਿੰਦਰ ਸਿੰਘ ਉਰਫ਼ ਜੱਗਾ ਵਾਸੀ ਪੱਖੋਵਾਲ ਦੀ ਰਿਪੋਰਟ ਪੌਜ਼ੇਟਿਵ ਆਈ ਹੈ।
ਐਨਆਈਏ ਇੰਸਪੈਕਟਰ ਅਮਰੀਸ਼ ਕੁਮਾਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਟੀਮ ਨੇ 8 ਸਤੰਬਰ ਤੋਂ ਮੋਗਾ ਵਿੱਚ ਪੱਕਾ ਡੇਰਾ ਲਾਇਆ ਹੋਇਆ ਹੈ। ਪੁਲਿਸ ਸੂਤਰਾਂ ਅਨੁਸਾਰ ਐਨਆਈਏ ਟੀਮ ਨੇ ਬਾਘਾਪੁਰਾਣਾ ਤੇ ਹੋਰ ਥਾਵਾਂ ਉੱਤੇ ਝੁਲਾਏ ਖਾਲਿਸਤਾਨੀ ਝੰਡੇ ਦੀਆਂ ਤਸਵੀਰਾਂ ਆਦਿ ਦੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ।