Operation Blue Star Anniversary: ਜੂਨ 1984 ’ਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋ ਕੇ ਕੀਤੀ ਗਈ ਫ਼ੌਜੀ ਕਾਰਵਾਈ ਦੌਰਾਨ ਮਾਰੇ ਗਏ ਸਿੰਘਾਂ ਤੇ ਸਿੰਘਣੀਆਂ ਦੀ ਯਾਦ ਵਿੱਚ ‘ਘੱਲੂਘਾਰਾ ਦਿਵਸ’ ਮਨਾਇਆ ਜਾ ਰਿਹਾ ਹੈ। ਇੱਥੇ ਕੁਝ ਸੰਗਤਾਂ ਦੇ ਹੱਥਾਂ ਵਿੱਚ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ‘ਖ਼ਾਲਿਸਤਾਨ ਸਾਡਾ ਹੱਕ’ ਲਿਖੇ ਬੈਨਰ ਵਿਖਾਈ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਕੀਤੇ ਗਏ।


ਅੱਜ ਸਵੇਰ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਪੁੱਜ ਰਹੀ ਹੈ। ਇਸ ਮੌਕੇ ਲਾਲ ਕਿਲਾ ਹਿੰਸਾ (Red Fort Violence) ਦਾ ਮੁੱਖ ਮੁਲਜ਼ਮ ਦੀਪ ਸਿੱਧੂ (Deep Sidhu) ਵੀ ਪੁੱਜਾ ਹੈ। ਸ੍ਰੀ ਹਰਿਮੰਦਰ ਸਾਹਿਬ ਤੱਕ ਜਾਣ ਵਾਲੇ ਸਾਰੇ ਰਸਤਿਆਂ ’ਤੇ ਵੀ ਵੱਡੀ ਗਿਣਤੀ ਵਿੱਚ ਪੁਲਿਸ ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਵੱਡੀ ਗਿਣਤੀ ਵਿੱਚ ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਪਣੀ ਟਾਸਕ ਫੋਰਸ ਵੀ ਤਾਇਨਾਤ ਕੀਤੀ ਹੈ। ਪੰਜਾਬ ਪੁਲਿਸ ਦੇ ਕਰਮਚਾਰੀ ਤੇ ਮਹਿਲਾ ਪੁਲਿਸ ਕਰਮਚਾਰੀ ਵਿਹੜੇ ਦੇ ਅੰਦਰ ਸਿਵਲ ਕੱਪੜਿਆਂ ਵਿੱਚ ਤਾਇਨਾਤ ਹਨ।


ਘੱਲੂਘਾਰਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾ ਰਹੇ ਹਨ। ਅਰਦਾਸ ਉਪਰੰਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਨਮਾਨਤ ਕੀਤਾ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਮ ‘ਤੇ ਸੰਦੇਸ਼ ਜਾਰੀ ਕਰਨਗੇ।


ਦੂਜੇ ਪਾਸੇ ਸਰਬੱਤ ਖਾਲਸੇ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਜਾਵੇਗਾ। ਸਰਬੱਤ ਖਾਲਸਾ ਵੱਲੋਂ ਵੱਖਰਾ ਪ੍ਰੋਗਰਾਮ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਘੱਲੂਘਾਰਾ ਦਿਵਸ ਮੌਕੇ ਸਿੱਖ ਸਦਭਾਵਨਾ ਦਲ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।


ਇਸ ਤੋਂ ਪਹਿਲਾਂ ਪਿਛਲੇ ਦਿਨੀਂ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਦਲ ਖਾਲਸਾ ਵੱਲੋਂ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਗਿਆ ਸੀ। ਦੇਰ ਸ਼ਾਮ ਦਲ ਖਾਲਸਾ ਤੇ ਸਿੱਖ ਯੂਥ ਆਫ਼ ਪੰਜਾਬ ਦੇ ਕਾਰਕੁੰਨ ਹੈਰਿਟੇਜ ਸਟਰੀਟ ਦੇ ਭਾਈ ਗੁਰਦਾਸ ਹਾਲ ਵਿਖੇ ਪਹੁੰਚੇ। ਉਥੇ ਸੈਮੀਨਾਰ ਦਾ ਆਯੋਜਨ ਕਰਦਿਆਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਦੋਂਕਿ ਨੌਜਵਾਨਾਂ ਨੂੰ ਅਪ੍ਰੇਸ਼ਨ ਬਲਿਊ ਸਟਾਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ।


ਇਸ ਦੌਰਾਨ ਸੰਸਥਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ, ਹਰਪਾਲ ਸਿੰਘ ਚੀਮਾ, ਪਰਮਜੀਤ ਸਿੰਘ ਮੰਡ, ਪਰਮਜੀਤ ਸਿੰਘ ਟਾਂਡਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਲਿਊ ਸਟਾਰ ਸਿੱਖਾਂ ਕਦੇ ਵੀ ਨਾ ਭੁੱਲਣ ਵਾਲੀ ਘਟਨਾ ਹੈ। ਉਸ ਸਮੇਂ ਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਦਿਆਂ ਸਿੱਖਾਂ‘ ਤੇ ਜ਼ੁਲਮ ਕੀਤੇ ਸਨ। ਉਨ੍ਹਾਂ ਕਿਹਾ ਕਿ ਸਰਕਾਰਾਂ ਸਮੇਂ ਸਮੇਂ ਸਿਰ ਇੱਕ ਸਾਜਿਸ਼ ਦੇ ਹਿੱਸੇ ਵਜੋਂ ਸਿੱਖਾਂ ‘ਤੇ ਅੱਤਿਆਚਾਰ ਕਰਦੀਆਂ ਰਹੀਆਂ ਹਨ।


ਸੈਮੀਨਾਰ ਤੋਂ ਬਾਅਦ ਦੇਰ ਸ਼ਾਮ ਦਲ ਖਾਲਸੇ ਦੇ ਵਰਕਰ ਆਪਣੀਆਂ ਮੰਗਾਂ ਅਤੇ ਜੂਨ 1984 ਦੀਆਂ ਘਟਨਾਵਾਂ ਨੂੰ ਦਰਸਾਉਂਦੇ ਹੋਏ ਫੋਟੋਆਂ, ਮੌਟੋ, ਬੈਨਰ ਆਦਿ ਲੈ ਕੇ ਜਾ ਰਹੇ ਸਨ। ਵਰਕਰਾਂ ਨੇ ਭਾਈ ਗੁਰਦਾਸ ਹਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਮਾਰਚ ਕੀਤਾ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰਕੁਨਾਂ ਵੱਲੋਂ ਵਿਸ਼ਾਲ ਅਰਦਾਸ ਕੀਤੀ ਗਈ।


 


ਇਹ ਵੀ ਪੜ੍ਹੋ- ਆਪ੍ਰੇਸ਼ਨ Blue Star ਦੀ 37ਵੀਂ ਬਰਸੀ, ਅੰਮ੍ਰਿਤਸਰ ਸਮੇਤ ਪੂਰੇ ਪੰਜਾਬ 'ਚ ਸਖ਼ਤ ਸੁਰੱਖਿਆ