ਫਿਰੋਜ਼ਪੁਰ : ਆਏ ਦਿਨ ਸੂਬੇ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾ ਰਹੇ ਹਨ ਪਰ ਇਸ ਦੇ ਪਿੱਛੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਹੱਥ ਦੱਸਿਆ ਜਾ ਰਿਹਾ ਹੈ। ਹੁਣ ਫਿਰੋਜ਼ਪੁਰ ਦੇ ਕਸਬਾ ਮੁੱਦਕੀ ਦੇ ਸਾਹਮਣੇ ਪਿੰਡ ਜੰਡ ਸਿੰਘ ਵਾਲਾ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਲਿਖਿਆ ,ਖਾਲਿਸਤਾਨ ਜ਼ਿੰਦਾਬਾਦ , “ਪੰਜਾਬ ਦਾ ਹੱਲ ਖਾਲਿਸਤਾਨ , ਭਗਤ ਸਿੰਘ ਅੱਤਵਾਦੀ । ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਖ ਫਾਰ ਜਸਟਿਸ ਦੇ ਮੁਖੀ ਨੇ ਇੱਕ ਵੀਡੀਓ ਜਾਰੀ ਕਰ ਖਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਬਾਰੇ ਵੀ ਜ਼ਿਕਰ ਕੀਤਾ ਹੈ।

 

ਇਸ ਤੋਂ ਪਹਿਲਾਂ ਜਲੰਧਰ ਵਿਖੇ ਪੀਏਪੀ ਕੰਪਲੈਕਸ ਦੇ ਬਾਹਰ ਦੀਆਂ ਕੰਧ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸੀ। ਇਹ ਨਾਅਰੇ ਕਰੀਬ ਅੱਧੀ ਰਾਤ ਨੂੰ ਲਿਖੇ ਗਏ ਸਨ, ਜਿਸ ਵਿੱਚ ਸਿੱਖ ਫਾਰ ਜਸਟਿਸ ਦੇ ਮੁਖੀ ਨੇ ਇੱਕ ਵੀਡੀਓ ਜਾਰੀ ਕਰ ਖਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਬਾਰੇ ਵੀ ਜ਼ਿਕਰ ਕੀਤਾ ਹੈ। ਆਪਣੇ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰੱਖਣ ਅਤੇ ਕਰਾਈਮ 'ਤੇ ਠੱਲ੍ਹ ਪਾਉਣ ਦੀ ਨੀਤੀ ਦੀ ਗੱਲ ਕਹਿਣ ਵਾਲੀ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ 'ਚ ਆਉਂਦੀ ਨਜ਼ਰ ਆ ਰਹੀ ਹੈ।

 

ਇਸ ਦੇ ਇਲਾਵਾ ਬੀਤੇ ਦਿਨੀਂ ਫਰੀਦਕੋਟ ’ਚ ਸੈਸ਼ਨ ਜੱਜ ਦੀ ਕੋਠੀ ਦੇ ਬਾਹਰ ‘‘ਖਾਲਿਸਤਾਨ ਜ਼ਿੰਦਾਬਾਦ’’ ਦੇ ਨਾਅਰੇ ਲਿਖੇ ਮਿਲੇ ਸਨ। ਹਾਲਾਂਕਿ ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਕਾਲਾ ਰੰਗ ਪਾ ਕੇ ਨਾਅਰੇ ਮਿਟਾਏ। ਇਸ ਤੋਂ ਪਹਿਲਾਂ ਫਰੀਦਕੋਟ ਵਿੱਚ ਪਾਰਕ ਦੀ ਕੰਧ ’ਤੇ ਨਾਅਰੇ ਲਿਖੇ ਹੋਏ ਸਨ। ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਸੰਗਰੂਰ 'ਚ ਸਰਕਾਰੀ ਦਫ਼ਤਰਾਂ ਦੀਆਂ ਕੰਧਾਂ 'ਤੇ ਮੁੜ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਸੰਗਰੂਰ ਲੋਕ ਸਭਾ ਚੋਣ ਦੇ ਨਤੀਜੇ ਆਉਣ ਤੋਂ ਬਾਅਦ 26 ਜੂਨ ਦੀ ਰਾਤ ਨੂੰ ਸੰਗਰੂਰ ਦੇ ਸਰਕਾਰੀ ਦਫ਼ਤਰਾਂ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ ਪਰ ਸੰਗਰੂਰ ਪੁਲਿਸ ਖਾਲਿਸਤਾਨ ਜ਼ਿੰਦਾਬਾਦ ਅਤੇ ਐੱਸ.ਜੇ.ਐੱਫ. ਨਾਅਰੇ ਲਿਖਣ ਵਾਲੇ ਪਿਓ-ਪੁੱਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।