Khanna News : ਲੁਧਿਆਣਾ ਦੇ ਖੰਨਾ 'ਚ 32 ਸਾਲਾ ਗੁਰਦੁਆਰਾ ਸਾਹਿਬ ਦੇ ਪਾਠੀ ਦੇ ਸ਼ੱਕੀ ਹਾਲਾਤਾਂ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਘਰ ਤੋਂ ਗੁਰਦੁਆਰੇ ਵਿੱਚ ਸੇਵਾ ਕਰਨ ਲਈ ਨਿਕਲਿਆ ਸੀ, ਪਰ ਨਾ ਤਾਂ ਉਹ ਗੁਰਦੁਆਰੇ ਪਹੁੰਚਿਆ ਅਤੇ ਨਾ ਹੀ ਵਾਪਸ ਘਰ ਆਇਆ।

Continues below advertisement

ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਉਸ ਨੂੰ ਅਗਵਾ ਕਰਕੇ ਕਿਤੇ ਲੁਕਾ ਕੇ ਰੱਖਿਆ ਹੋਇਆ ਹੈ। ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖੰਨਾ ਦੇ ਗੁਰਦੁਆਰਾ ਆਨੰਦ ਈਸ਼ਵਰ ਦਰਬਾਰ ਵਿੱਚ ਕਰਦਾ ਸੀ ਸੇਵਾ

Continues below advertisement

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਹੀਦ ਭਗਤ ਸਿੰਘ ਨਗਰ, ਧਾਂਦਰਾ ਰੋਡ ਦੇ ਰਹਿਣ ਵਾਲੇ ਸੁਬੇਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਪੁੱਤਰ ਹਰਪ੍ਰੀਤ ਸਿੰਘ (32) ਖੰਨਾ ਸਥਿਤ ਗੁਰਦੁਆਰਾ ਆਨੰਦ ਈਸ਼ਵਰ ਦਰਬਾਰ ਵਿੱਚ ਪਾਠੀ (ਗ੍ਰੰਥੀ ਸੇਵਾ) ਵਜੋਂ ਸੇਵਾ ਕਰਦਾ ਸੀ। ਉਹ ਉੱਥੇ ਹੀ ਰਹਿੰਦਾ ਸੀ ਅਤੇ ਮਹੀਨੇ ਵਿੱਚ ਇੱਕ ਵਾਰ ਘਰ ਆਉਂਦਾ ਸੀ।

2 ਜੁਲਾਈ 2026 ਨੂੰ ਹਰਪ੍ਰੀਤ ਘਰ ਤੋਂ ਗੁਰਦੁਆਰੇ ਜਾਣ ਲਈ ਨਿਕਲਿਆ ਸੀ ਪਰ ਉਹ ਗੁਰਦੁਆਰੇ ਨਹੀਂ ਪਹੁੰਚਿਆ। ਇਸ ਤੋਂ ਬਾਅਦ ਨਾ ਤਾਂ ਉਹ ਘਰ ਵਾਪਸ ਆਇਆ ਅਤੇ ਨਾ ਹੀ ਉਸ ਬਾਰੇ ਕੋਈ ਜਾਣਕਾਰੀ ਮਿਲੀ। ਗੁਰਦੁਆਰਾ ਸਾਹਿਬ ਦੇ ਹੋਰ ਸੇਵਾਦਾਰਾਂ ਨਾਲ ਗੱਲ ਕਰਨ 'ਤੇ ਪਤਾ ਲੱਗਿਆ ਕਿ ਹਰਪ੍ਰੀਤ ਉੱਥੇ ਪਹੁੰਚਿਆ ਹੀ ਨਹੀਂ ਸੀ। ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ।

7 ਸਾਲ ਪਹਿਲਾਂ ਹੋਇਆ ਸੀ ਵਿਆਹ

ਪਰਿਵਾਰ ਨੇ ਕਾਫ਼ੀ ਭਾਲ ਕਰਨ ਦੇ ਬਾਵਜੂਦ ਜਦੋਂ ਹਰਪ੍ਰੀਤ ਸਿੰਘ ਦਾ ਕੋਈ ਪਤਾ ਨਾ ਲੱਗਿਆ ਤਾਂ ਪੁਲਿਸ ਨਾਲ ਸੰਪਰਕ ਕੀਤਾ। ਸ਼ਿਕਾਇਤਕਰਤਾ ਨੇ ਆਰੋਪ ਲਗਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰਕੇ ਕਿਤੇ ਲੁਕਾ ਕੇ ਰੱਖਿਆ ਹੋਇਆ ਹੈ। ਹਰਪ੍ਰੀਤ ਦਾ ਵਿਆਹ ਕਰੀਬ 7 ਸਾਲ ਪਹਿਲਾਂ ਹੋਇਆ ਸੀ। ਉਸ ਦੇ ਦੋ ਬੱਚੇ ਹਨ, ਇੱਕ ਪੁੱਤਰ ਅਤੇ ਇੱਕ ਧੀ। ਘਟਨਾ ਤੋਂ ਕਰੀਬ 16 ਦਿਨ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਲਾਪਤਾ ਪਾਠੀ ਦੀ ਭਾਲ ਵਿੱਚ ਜੁਟੀ ਪੁਲਿਸ

ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 127(6) ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਪਤਾ ਪਾਠੀ ਦੀ ਭਾਲ ਲਈ ਆਲੇ-ਦੁਆਲੇ ਦੇ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਅਤੇ ਹੋਰ ਤਕਨੀਕੀ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।