ਮੁਹਾਲੀ: ਖਰੜ ਦੇ ਆਸ ਪਾਸ ਰਹਿੰਦੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਖਰੜ ਫਲਾਈਓਵਰ ਪ੍ਰਾਜੈਕਟ ਤਹਿਤ ਪਿੰਡ ਦੇਸੂਮਾਜਰਾ ਤੋਂ ਖਾਨਪੁਰ ਇੰਟਰਚੇਂਜ ਜੰਕਸ਼ਨ ਤੱਕ ਦਾ ਐਲੀਵੇਟਿਡ ਬ੍ਰਿਜ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਪੁਲ ਚਾਲੂ ਕਰਵਾਉਣ ਲਈ ਐਸਡੀਐਮ ਖਰੜ ਹਿਮਾਂਸ਼ੂ ਜੈਨ ਖੁਦ ਪਹੁੰਚੇ ਸੀ।

ਇਸ ਫਲਾਈਓਵਰ ਨਾਲ ਖਰੜ ਤੋਂ ਮੁਹਾਲੀ ਜਾਂ ਚੰਡੀਗੜ੍ਹ ਵਿਚਾਲੇ ਆਵਾਜਾਈ 'ਚ ਵੱਡੀ ਰਾਹਤ ਮਿਲੇਗੀ। ਕਰੀਬ 35,000 ਵਾਹਨਾਂ ਨੂੰ ਰੋਜ਼ਾਨਾ ਲੱਗਣ ਵਾਲੇ ਲੰਬੇ ਜਾਮ ਤੋਂ ਛੁਟਕਾਰਾ ਮਿਲੇਗਾ। ਹੁਣ ਖਰੜ ਨੂੰ ਪਾਰ ਕਰਨ ਲਈ ਦੇਸੂਮਾਜਰਾ ਤੋਂ ਖਾਨਪੁਰ ਤੱਕ ਸਿਰਫ 5 ਮਿੰਟ ਲੱਗਣਗੇ। ਇਸ ਤੋਂ ਪਹਿਲਾਂ ਇਹ ਫਾਸਲਾ ਤੈਅ ਕਰਨ ਨੂੰ 45 ਤੋਂ 50 ਮਿੰਟ ਦਾ ਸਮਾਂ ਲੱਗ ਜਾਂਦਾ ਸੀ। ਇਸ ਫਲਾਈਓਵਰ ਦੇ ਚਾਲੂ ਹੋਣ ਨਾਲ ਹੁਣ ਪੰਜਾਬ ਤੋਂ ਚੰਡੀਗੜ੍ਹ ਆਉਣਾ ਜਾਣਾ ਆਸਾਨ ਹੋ ਗਿਆ ਹੈ।

ਦੱਸ ਦੇਈਏ ਕਿ ਇਹ ਫਲਾਈਓਵਰ 4.60 ਕਿਲੋਮੀਟਰ ਲੰਬਾ ਹੈ।ਇਸ ਨੂੰ ਜ਼ਮੀਨ ਤੋਂ ਉਪਰ ਖੜ੍ਹਾ ਕਰਨ ਲਈ 128 ਪਿਲਰਾਂ ਦਾ ਸਹਾਰਾ ਦਿੱਤਾ ਗਿਆ ਹੈ। ਜ਼ਮੀਨ ਤੋਂ ਇਸ ਦੀ ਉੱਚਾਈ ਕਰੀਬ 25 ਮੀਟਰ ਦੀ ਹੈ। ਇਹ ਫਲਾਈਓਵਰ ਛੇ ਲੇਨ ਹੈ, ਜਿਸ ਵਿੱਚ ਤਿੰਨ ਲੇਨ ਅਪ ਤੇ ਤਿੰਨ ਡਾਊਨ ਲਈ ਬਣਾਏ ਗਏ ਹਨ।ਕਰੀਬ ਸਾਢੇ ਚਾਰ ਸਾਲ ਲੱਗ ਗਏ ਇਸ ਫਲਾਈਓਵਰ ਨੂੰ ਬਣਨ ਲਈ।ਚੰਡੀਗੜ੍ਹ ਤੋਂ ਖਾਨਪੂਰ ਤੱਕ 9 ਕਿਲੋਮੀਟਰ ਲੰਬਾ ਫੋਰਲੇਨ ਪ੍ਰੋਜੈਕਟ ਜੂਨ 2016 'ਚ ਸ਼ੁਰੂ ਹੋਇਆ ਸੀ। ਦਸੰਬਰ 2018 'ਚ ਇਸਦੇ ਪੂਰਾ ਹੋਣ ਦੀ ਡੈੱਡਲਾਈਨ ਸੀ।