ਸੀਬੀਆਈ ਵੱਲੋਂ ਖੱਟਾ ਸਿੰਘ ਨੂੰ ਰਾਮ ਰਹੀਮ ਖਿਲਾਫ ਗਵਾਹੀ ਲਈ ਨੋਟਿਸ
ਏਬੀਪੀ ਸਾਂਝਾ | 02 May 2018 01:20 PM (IST)
ਪੰਚਕੂਲਾ: ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਪੰਜ ਮਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਲੰਘੀ 23 ਅਪਰੈਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਖੱਟਾ ਸਿੰਘ ਨੂੰ ਡੇਰਾ ਮੁਖੀ ਵਿਰੁੱਧ ਜਾਰੀ ਰਣਜੀਤ ਸਿੰਘ ਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ ਆਪਣੀ ਗਵਾਹੀ ਦੇਣ ਦੀ ਆਗਿਆ ਦਿੱਤੀ ਸੀ। ਸੀਬੀਆਈ ਦੇ ਵਕੀਲ ਐਚਪੀਐਸ ਵਰਮਾ ਨੇ ਦੱਸਿਆ ਕਿ ਉਨ੍ਹਾਂ ਵਿਸ਼ੇਸ਼ ਸੀਬੀਆਈ ਜੱਜ ਜਗਦੀਪ ਸਿੰਘ ਨੂੰ ਖੱਟਾ ਸਿੰਘ ਨੂੰ ਅਦਾਤਲ ਸਾਹਮਣੇ ਪੇਸ਼ ਹੋਣ ਤੇ ਬਿਆਨ ਦਰਜ ਕਰਵਾਉਣ ਲਈ ਬੇਨਤੀ ਕੀਤੀ ਸੀ। ਜੱਜ ਜਗਦੀਪ ਸਿੰਘ ਨੇ ਪਿਛਲੇ ਸਾਲ 25 ਸਤੰਬਰ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਤੇ 20 ਸਾਲ ਦੀ ਕੈਦ ਤੇ 30 ਲੱਖ ਰੁਪਏ ਦੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਡੇਰਾ ਮੁਖੀ ਨੂੰ ਸਜ਼ਾ ਦੇ ਐਲਾਨ ਤੋਂ ਬਾਅਦ ਖੱਟਾ ਸਿੰਘ ਨੇ ਉਕਤ ਕਤਲ ਕੇਸਾਂ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਦੀ ਇਜਾਜ਼ਤ ਦੇਣ ਲਈ ਅਦਾਲਤ ਨੂੰ ਬੇਨਤੀ ਕੀਤੀ ਸੀ, ਪਰ ਉਸ ਵੱਲੋਂ ਪਹਿਲਾਂ ਆਪਣੇ ਬਿਆਨਾਂ ਤੋਂ ਮੁੱਕਰ ਜਾਣ 'ਤੇ ਅਦਾਲਤ ਨੇ ਉਸ ਨੂੰ ਇਹ ਮੌਕਾ ਨਹੀਂ ਸੀ ਦਿੱਤਾ ਗਿਆ। ਉਸ ਸਮੇਂ ਸੀਬੀਆਈ ਨੇ ਖੱਟਾ ਸਿੰਘ ਦਾ ਪੱਖ ਲਿਆ ਸੀ ਜਦਕਿ ਬਚਾਅ ਪੱਖ ਦੇ ਵਕੀਲ ਨੇ ਉਸ ਦੇ ਬਿਆਨਾਂ ਨੂੰ ਗ਼ੈਰ-ਭਰੋਸੇਯੋਗ ਦੱਸਿਆ ਸੀ। ਖੱਟਾ ਸਿੰਘ ਨੇ ਸਾਲ 2007 ਵਿੱਚ ਸੀਬੀਆਈ ਨੂੰ ਦੱਸਿਆ ਸੀ ਕਿ ਉਸ ਨੇ ਡੇਰੇ ਦੇ ਪੰਜ ਅਹੁਦੇਦਾਰਾਂ ਨੂੰ ਰਣਜੀਤ ਸਿੰਘ ਨੂੰ ਕਤਲ ਕਰਨ ਦੀ ਯੋਜਨਾ ਬਣਾਉਂਦੇ ਸੁਣਿਆ ਸੀ, ਪਰ ਫਰਵਰੀ 2012 ਨੂੰ ਉਹ ਡੇਰਾ ਮੁਖੀ ਦੀ ਸ਼ਮੂਲੀਅਤ ਸਬੰਧੀ ਦਿੱਤੇ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਸੀ। ਹੁਣ ਉਸ ਨੂੰ ਗਵਾਹੀ ਦੇਣ ਲਈ ਦੁਬਾਰਾ ਮੌਕਾ ਦਿੱਤਾ ਜਾ ਰਿਹਾ ਹੈ।