ਗੁਰਦਾਸਪੁਰ: ਹਰਿਆਣਾ 'ਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁੱਤਲਾ ਫੁਕਿਆਇਸ ਮੌਕੇ ਤੇ ਬੋਲਦੇ ਹੋਏ ਆਪ ਆਗੂ ਬਘੇਲ ਸਿੰਘ ਬਾਹੀਆ ਨੇ ਭਾਜਪਾ ਸਰਕਾਰ ਉਪਰ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ "ਭਾਜਪਾ ਸਰਕਾਰ ਦੇਸ਼ ਵਿਰੋਧੀ ਸਰਕਾਰ ਹੈ, ਜਿਸ ਨੇ ਕਿਸੇ ਵੀ ਵਰਗ ਦੀ ਸਾਰ ਨਹੀਂ ਲਈ ਅਤੇ ਹੁਣ ਨਿਹੱਥੇ ਕਿਸਾਨਾਂ ਉਪਰ ਲਾਠੀਚਾਰਜ ਕਰਕੇ ਦੇਸ਼ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।"


ਭਾਜਪਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ 'ਆਪ' ਨੇ ਮੰਗ ਕੀਤੀ ਕਿ ਜਿਨ੍ਹਾਂ ਪੁਲਿਸ ਕਰਮਚਾਰੀਆਂ ਨੇ ਕਿਸਾਨਾਂ ਦੇ ਉੱਪਰ ਲਾਠੀਚਾਰਜ ਕੀਤਾ ਹੈ। ਉਨ੍ਹਾਂ ਦੇ ਉੱਪਰ ਮਾਮਲੇ ਦਰਜ ਕਰ ਕੀਤੇ ਜਾਣ।ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ ਨਹੀਂ ਤਾਂ ਉਹ ਕਿਸਾਨਾਂ ਦੀ ਆਵਾਜ਼ ਬਣ ਕੇ ਪੂਰੇ ਪੰਜਾਬ ਭਰ ਵਿੱਚ ਵੱਡੇ ਰੋਸ ਪ੍ਰਦਰਸ਼ਨ ਕਰਨਗੇ। 


ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਅੰਮ੍ਰਿਤਸਰ ਵਿੱਚ ਕਿਸਾਨਾਂ ਦੇ ਉੱਪਰ ਲਾਠੀਚਾਰਜ ਕਰਕੇ ਭਾਜਪਾ ਸਮਰਥਕ ਹੋਣ ਦਾ ਸਬੂਤ ਦਿੱਤਾ ਹੈ, ਜੋਕਿ ਸਰਾਸਰ ਗਲਤ ਹੈ ਅਤੇ ਇਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 


ਦੱਸ ਦੇਈਏ ਕਿ, ਕਿਸਾਨ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ, ਜਦੋਂ ਪੁਲਿਸ ਨੇ ਭੀੜ ਨੂੰ ਖਦੇੜਣ ਲਈ ਲਾਠੀਚਾਰਜ ਕਰ ਦਿੱਤਾ।ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ।ਇਸ ਮਗਰੋਂ ਕਿਸਾਨਾਂ ਵਿੱਚ ਕਾਫੀ ਰੋਸ ਹੈ।ਉਧਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਐਸਡੀਐਮ ਵੱਲੋਂ ਚੁਣੇ ਗਏ ਸ਼ਬਦ ਗਲਤ ਸੀ, ਪਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖ਼ਤੀ ਜ਼ਰੂਰੀ ਸੀ।


ਖੱਟਰ ਨੇ ਕਿਹਾ, "ਲੋਕਤੰਤਰ ਦੀ ਵਿਵਸਥਾ ਨੂੰ ਬਹਾਲ ਕਰਨਾ ਪ੍ਰਸ਼ਾਸਨ ਤੇ ਸ਼ਾਸਨ ਦੀ ਜ਼ਿੰਮੇਵਾਰੀ ਹੈ। ਇੱਕ ਸਮਝੌਤਾ ਹੋਇਆ ਸੀ ਕਿ ਅਸੀਂ ਲੋਕਤੰਤਰੀ ਤਰੀਕੇ ਨਾਲ ਜੋ ਵੀ ਕਰਨਾ ਚਾਹੁੰਦੇ ਹਾਂ ਕਰਾਂਗੇ।"