ਰੌਬਟ ਦੀ ਰਿਪੋਰਟ


ਚੰਡੀਗੜ੍ਹ: ਦੇਸ਼ ਭਰ 'ਚ ਔਰਤਾਂ 'ਤੇ ਹੋ ਰਹੇ ਹਮਲਿਆਂ ਤੇ ਵਧ ਰਹੀਆਂ ਬਦਸਲੂਕੀ ਦੀਆਂ ਘਟਨਾਵਾਂ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਐਤਵਾਰ ਨੂੰ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਮਗਰੋਂ ਪੁਲਿਸ ਨੇ ਭੀੜ ਨੂੰ ਖਦੇੜਣ ਲਈ ਵਾਟਰ ਕੈਨਨ ਚਲਾਏ ਤੇ ਬਲ ਦਾ ਪ੍ਰਯੋਗ ਵੀ ਕੀਤਾ। ਇਸ ਦੌਰਾਨ ਪੰਜਾਬੀ ਗਾਇਕਾ ਤੇ ਆਪ ਲੀਡਰ ਅਨਮੋਲ ਗਗਨ ਮਾਨ ਜ਼ਖਮੀ ਹੋ ਗਈ। ਇਸ ਮਗਰੋਂ ਉਨ੍ਹਾਂ ਦੀ ਹਾਲਤ ਮੁੜ ਗੰਭੀਰ ਹੋ ਗਈ ਹੈ ਤੇ ਉਨ੍ਹਾਂ ਨੂੰ ਮੁਹਾਲੀ ਦੇ Fortis ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।


ਦਰਅਸਲ, ਆਪ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਰੋਕਣ ਲਈ ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਸੀ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਨ। ਇਸ ਲਾਠੀਚਾਰਜ ਦੌਰਾਨ 'ਆਪ' ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਤੇ ਅਨਮੋਲ ਗਗਨ ਮਾਨ ਸਮੇਤ ਦਰਜਨ ਦੇ ਕਰੀਬ ਮਹਿਲਾ ਵਰਕਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈਆਂ ਸਨ।


ਉਧਰ, ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਨਮੋਲ ਗਗਨ ਮਾਨ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਸਿਆਸਤ ਤੋਂ ਪਰੇ, ਇੱਕ ਕਲਾਕਾਰ ਹੋਣ ਦੇ ਨਾਤੇ ਅਨਮੋਲ ਗਗਨ ਮਾਨ 'ਤੇ ਪੰਜਾਬ ਦੀਆਂ ਧੀਆਂ ਤੇ ਪ੍ਰਸ਼ਾਸਨ ਵੱਲੋਂ ਕੀਤੇ ਅੱਤਿਆਚਾਰ ਦੀ ਅਸੀਂ ਸਾਫ਼ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ। ਦੂਜੀ ਗੱਲ, ਕੁਝ ਸ਼ਲਾਰੂਆਂ ਤੇ ਖੱਚਾਂ ਨੇ ਫੋਟੋ 'ਤੇ ਭੱਦੀ ਸ਼ਬਦਾਵਲੀ ਵਰਤੀ, ਉਨ੍ਹਾਂ ਲਾਹਨਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਇਕ ਕਲਾਕਾਰ ਹੋਣ ਦੇ ਨਾਅਤੇ ਅਨਮੋਲ ਤੁਹਾਡੇ ਹਰ ਦੁੱਖ ਸੁੱਖ 'ਚ ਨਾਲ ਖੜ੍ਹੇ ਆ...।''