ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਗਏ ਹਰ ਇਲਜ਼ਾਮ ਨੂੰ ਨਕਾਰਦਿਆਂ ਕਿਹਾ ਕਿ ਮੁੱਲਾਂਪੁਰ ਵਿੱਚ ਚੰਨਣ ਸਿੰਘ ਫਾਰਮ ਹਾਊਸ 'ਤੇ ਅੱਜ ਤੱਕ ਕਦੇ ਵੀ ਨਹੀਂ ਗਏ। ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪੇਸ਼ ਕੀਤੀਆਂ ਕਾਲ ਰਿਕਾਰਡਜ਼ ਕਿਸੇ ਸਰਕਾਰੀ ਏਜੰਸੀ ਜਾਂ ਕਿਤੋਂ ਵੈਰੀਫਾਈ ਨਹੀਂ ਬਲਕਿ ਨਿੱਜੀ ਪੱਧਰ 'ਤੇ ਤਿਆਰ ਕੀਤੀਆਂ ਹੋਈਆਂ ਹਨ।

ਦਰਅਸਲ ਸੁਖਬੀਰ ਬਾਦਲ ਨੇ ਖਹਿਰਾ 'ਤੇ ਇਲਜ਼ਾਮ ਲਾਇਆ ਸੀ ਕਿ ਮੁੱਲਾਂਪੁਰ ਵਿੱਚ ਚੰਨਣ ਸਿੰਘ ਫਾਰਮ ਹਾਊਸ 'ਤੇ ਸੁਖਪਾਲ ਖਹਿਰਾ ਦੀ ਤ੍ਰਿਪਤ ਰਾਜਿੰਦਰ ਬਾਜਵਾ ਤੇ ਜਸਟਿਸ ਰਣਜੀਤ ਸਿੰਘ ਨਾਲ ਰਿਪੋਰਟ ਦੇ ਮਾਮਲੇ 'ਚ ਮੁਲਾਕਾਤ ਹੋਈ ਸੀ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਇਹ ਰਿਪੋਰਟ ਕਾਂਗਰਸ ਵੱਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।

ਸੁਖਪਾਲ ਖਹਿਰਾ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ ਤਿਆਰ ਕਰਨ ਵਾਲੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੂੰ ਰਣਜੀਤਾ ਕਹਿਣ 'ਤੇ ਸੁਖਬੀਰ ਬਾਦਲ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਖਹਿਰਾ ਨੇ ਸੁਖਬੀਰ ਬਾਦਲ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਅੱਜ ਬੇਅਦਬੀ ਮਾਮਲਿਆਂ ਦੀ ਰਿਪੋਰਟ 'ਤੇ ਬਹਿਸ ਦੌਰਾਨ ਵਿਧਾਨ ਸਭਾ 'ਚੋਂ ਭੱਜੇ ਨਾ। ਦਰਅਸਲ ਰਿਪੋਰਟ 'ਚ ਬਾਦਲਾਂ ਦਾ ਨਾਂ ਆਉਣ ਤੋਂ ਬਾਅਦ ਸੁਖਬੀਰ ਬਾਦਲ ਲਗਾਤਾਰ ਇਸ ਰਿਪੋਰਟ ਦਾ ਵਿਰੋਧ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ 'ਤੇ ਜਸਸਿਟ ਰਣਜੀਤ ਸਿੰਘ (ਸੇਵਾਮੁਕਤ) ਕਮਿਸ਼ਨ ਵੱਲੋਂ ਰਿਪੋਰਟ ਕੱਲ੍ਹ ਵਿਧਾਨ ਸਭਾ 'ਚ ਸੌਂਪ ਦਿੱਤੀ ਗਈ ਸੀ। ਅੱਜ ਇਸ ਰਿਪਰੋਟ 'ਤੇ ਦੋ ਘੰਟੇ ਬਹਿਸ ਰੱਖੀ ਗਈ ਹੈ। ਰਿਪੋਰਟ 'ਤੇ ਬਹਿਸ ਦਾ ਸੈਸ਼ਨ ਲਾਈਵ ਟੈਲੀਕਾਸਟ ਹੋਵੇਗਾ।

ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਤੇ ਪ੍ਰਧਾਨ ਸਿਮਰਜੀਤ ਬੈਂਸ ਨੇ ਬੇਅਦਬੀ ਮਾਮਲਿਆਂ 'ਚ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਸੁਮੇਧ ਸਿੰਘ ਸੈਣੀ ਦੇ ਨਾਰਕੋ ਟੈਸਟ ਦੀ ਮੰਗ ਕੀਤੀ। ਬੈਂਸ ਨੇ ਕਿਹਾ ਕਿ ਸੁਖਬੀਰ ਬਾਦਲ ਬੇਅਦਬੀ ਮਾਮਲਿਆਂ ਦਾ ਮੁੱਖ ਦੋਸ਼ੀ ਹੈ। ਜੇਕਰ ਉਹ ਕਿਸੇ ਕਮਿਸ਼ਨ ਦੀ ਰਿਪੋਰਟ ਨੂੰ ਨਹੀਂ ਮੰਨਦਾ ਤਾਂ ਉਸ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ।