ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਦੇ ਤਲਵੰਡੀ ਸਾਬੋ ਤੋਂ ਪਟਿਆਲਾ ਤਕ 8 ਤੋਂ 16 ਦਸੰਬਰ ਤਕ ‘ਇਨਸਾਫ਼ ਮੋਰਚਾ’ ਕੱਢਿਆ ਜਾ ਰਿਹਾ ਹੈ। ਇਸੇ ਕੜੀ ਵਿੱਚ ਇਹ ਮਾਰਚ ਅੱਜ ਜ਼ਿਲ੍ਹਾ ਬਰਨਾਲਾ ਦੇ ਕਈ ਪਿੰਡਾਂ ਤੋਂ ਹੁੰਦਾ ਹੋਇਆ ਗੁਜ਼ਰਿਆ। ਇਸ ਮਾਰਚ ਵਿੱਚ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਦੋ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਵੀ ਸ਼ਾਮਲ ਸਨ।

ਇਨਸਾਫ ਮੋਰਚੇ ਵਿੱਚ ਆਮ ਲੋਕਾਂ ਦਾ ਉਤਸ਼ਾਹ ਬਹੁਤ ਘੱਟ ਵੇਖਣ ਨੂੰ ਮਿਲਿਆ। ਬਰਨਾਲਾ ਦੇ ਪਿੰਡ ਪੱਖੋ ਕਲਾਂ ਤੋਂ ਗੁਜ਼ਰਦਿਆਂ ਇਸ ਮੋਰਚੇ ਵਿੱਚ ਲੋਕਾਂ ਦੀ ਗਿਣਤੀ ਬੇਹੱਦ ਘੱਟ ਸੀ। ਜੋ ਲੋਕ ਰੈਲੀ ਵਿੱਚ ਪੁੱਜੇ ਸਨ, ਉਨ੍ਹਾਂ ਦਾ ਵੀ ਮੋਰਚੇ ਵੱਲ ਜ਼ਿਆਦਾ ਧਿਆਨ ਨਜ਼ਰ ਨਹੀਂ ਆ ਰਿਹਾ ਸੀ। ਲੋਕ ਰੈਲੀ ਤੋਂ ਦੂਰ ਆਪਣੀਆਂ ਗੱਲਾਂ ਵਿੱਚ ਰੁੱਝੇ ਨਜ਼ਰ ਆਏ। ਕਈ ਲੋਕ ਤਾਂ ਠੰਢ ਵਿੱਚ ਮੂੰਗਫਲੀ ਚੱਬਦੇ ਨਜ਼ਰ ਆਏ। ਇਨਸਾਫ ਮੋਰਚੇ ਵਿੱਚ ਗੱਡੀਆਂ ਤੇ ਬੱਸਾਂ ਦਾ ਕਾਫਲਾ ਕਾਫੀ ਵੱਡਾ ਨਜ਼ਰ ਆਇਆ ਪਰ ਬੱਸਾਂ ਅੰਦਰੋਂ ਖਾਲੀ ਨਜ਼ਰ ਆ ਰਹੀਆਂ ਸਨ। ਮੰਨਿਆ ਜਾ ਰਿਹਾ ਕਿ ਇੱਕਦਮ ਠੰਢ ਵਧਣ ਕਰਕੇ ਲੋਕਾਂ ਦਾ ਹੁੰਗਾਰਾ ਘਟਿਆ ਹੈ।

ਜਦੋਂ ਇਸ ਬਾਰੇ ਸੁਖਪਾਲ ਸਿੰਘ ਖਹਿਰਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਸਾਰੀਆਂ ਪਾਰਟੀਆਂ ਤੋਂ ਦੁਖੀ ਤੇ ਪ੍ਰੇਸ਼ਾਨ ਹੋ ਚੁੱਕੇ ਹਨ। ਪਾਰਟੀਆਂ ਨੇ ਆਮ ਲੋਕਾਂ ਦਾ ਸੋਸ਼ਣ ਕੀਤਾ ਹੈ। ਇਸੇ ਲਈ ਲੋਕ ਪਾਰਟੀਆਂ ਤੋਂ ਪ੍ਰੇਸ਼ਾਨ ਹੋ ਕੇ ਇਨਸਾਫ ਮੋਰਚੇ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਲੋਕ ਉਨ੍ਹਾਂ ਦਾ ਸਾਥ ਦੇ ਰਹੇ ਹਨ।

ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀ ਦਲ ਤੋਂ ਪ੍ਰੇਸ਼ਾਨ ਹੋ ਗਏ ਹਨ। ਸਾਰਾ ਪੰਜਾਬ ਇਨਸਾਫ ਦੀ ਆਵਾਜ਼ ਲਈ ਇਨਸਾਫ ਮੋਰਚੇ ਦਾ ਹਿੱਸਾ ਬਣ ਤੇ ਉਨ੍ਹਾਂ ਦਾ ਸਾਥ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ 2019 ਵਿੱਚ ਵੀ ਲੋਕ ਉਨ੍ਹਾਂ ਦਾ ਸਾਥ ਦੇਣਗੇ।