ਜੇ IAS ਅਫ਼ਸਰ ਮਹਿਫੂਜ਼ ਨਹੀਂ ਤਾਂ ਆਮ ਮਹਿਲਾਵਾਂ ਦੀ ਸੁਰੱਖਿਆ ਕਿਵੇਂ ਹੋਏਗੀ?
ਏਬੀਪੀ ਸਾਂਝਾ | 26 Oct 2018 08:44 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਲੀਡਰ ਸੁਖਪਾਲ ਖਹਿਰਾ ਨੇ ਕਿਹਾ ਕਿ ਜੇ ਪੰਜਾਬ ਵਿੱਚ ਆਈਏਐਸ ਅਧਿਕਾਰੀ ਮਹਿਫ਼ੂਜ਼ ਨਹੀਂ ਹੈ ਤਾਂ ਆਮ ਔਰਤਾਂ ਦੀ ਸੁਰੱਖਿਆ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੁੰਦਾ ਹੈ ਨਾ ਕਿ ਸਮਝੌਤਾ ਕਰਵਾ ਕੇ ਮਾਮਲਾ ਠੰਡੇ ਬਸਤੇ ਪਾਉਣਾ। ਮੁੱਖ ਮੰਤਰੀ ਨੂੰ ਆਪਣੇ ਮੰਤਰੀ ਨੂੰ ਬਚਾਉਣਾ ਨਹੀਂ, ਬਲਕਿ ਉਨ੍ਹਾਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਪਣੇ ਮੰਤਰੀ ਦੁਆਰਾ ਇੱਕ ਮਹਿਲਾ ਆਈਏਐਸ ਨੂੰ ਅਸ਼ਲੀਲ ਮੈਸੇਜ ਭੇਜਣ ਦੀ ਘਟਨਾ ਬਾਰੇ ਪਤਾ ਨਾ ਹੋਣ ਸਬੰਧੀ ਸੁਖਪਾਲ ਖਹਿਰਾ ਨੇ ਕਿਹਾ ਕਿ ਜਦੋਂ ਬੀਜੇਪੀ ਦੇ ਮੰਤਰੀ ਤੇ ਇਸ ਤਰਾਂ ਦੇ ਇਲਜ਼ਾਮ ਲੱਗਦੇ ਹਨ ਤਾਂ ਕਾਂਗਰਸ ਦੇ ਲੀਡਰ ਕੰਧਾਂ ਤੇ ਕੋਠਿਆਂ ’ਤੇ ਚੜ੍ਹ ਕੇ ਇਲਜ਼ਾਮ ਲਗਾਉਂਦੇ ਹਨ ਪਰ ਜਦੋਂ ਉਨ੍ਹਾਂ ਦੇ ਆਪਣੇ ਮੰਤਰੀ ’ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਤਾਂ ਉਨ੍ਹਾਂ ਕਿਹਾ ਕਿ ਤੁਹਾਡੀ ਸੁਲ੍ਹਾ ਕਰਵਾ ਦਿੰਦੇ ਹਾਂ। ਹਰਪਾਲ ਸਿੰਘ ਚੀਮਾ ਦੇ ਇਹ ਬਿਆਨ ਦੇਣ ’ਤੇ ਕਿ ਸੁਖਪਾਲ ਖਹਿਰਾ ਜਿੱਥੋਂ ਮਰਜ਼ੀ ਲੋਕ ਸਭਾ ਚੋਣਾਂ ਲੜ ਸਕਦੇ ਹਨ, ਖਹਿਰਾ ਨੇ ਕਿਹਾ ਕਿ ਚੀਮਾ ਦਾ ਸੁਝਾਅ ਦੇਣ ਲਈ ਧੰਨਵਾਦ ਪਰ ਭਾਜਪਾ ਤੇ ਕਾਂਗਰਸ ਵਾਂਗ ਦਿੱਲੀ ਤੋਂ ਫੈਸਲਿਆਂ ਦੀ ਪੁਰਾਤਨ ਪ੍ਰੰਪਰਾ ਖਤਮ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੀਮਾ ਨੇ ਦਿੱਲੀ ਹਾਈ ਕਮਾਨ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਇਹ ਸੁਝਾਅ ਦਿੱਤਾ ਹੈ।