ਅੰਮ੍ਰਿਤਸਰ: ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਜੋੜੇ ਤੇ ਦੁਸਹਿਰਾ ਪ੍ਰੋਗਰਾਮ ਦੇ ਪ੍ਰਬੰਧਕ ਸੌਰਵ ਮਦਾਨ ਮਿੱਠੂ ਦਾ ਪਾਸਪੋਰਟ ਜ਼ਬਤ ਕੀਤੇ ਜਾਣ ਦੀ ਮੰਗ ਕੀਤੀ। 'ਏਬੀਪੀ ਸਾਂਝਾ' ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ਼ ਮੰਤਰੀ ’ਤੇ ਸਿੱਧੂ ਨੂੰ ਬਚਾਉਣ ਲਈ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ, ਜਿਸ ਕਾਰਨ ਮੁੱਖ ਮੰਤਰੀ ਦੁਖੀ ਵਿਦੇਸ਼ ਚਲੇ ਗਏ ਹਨ।

ਇਸ ਦੌਰਾਨ ਉਨ੍ਹਾਂ ਨਵਜੋਤ ਕੌਰ ਸਿੱਧੂ ’ਤੇ ਇਲਜ਼ਮ ਲਾਇਆ ਕਿ ਅੰਮ੍ਰਿਤਸਰ ਦੇ ਡਿਵੀਜ਼ਨਲ ਫਾਇਰ ਅਫ਼ਸਰ ਨੂੰ ਨਵਜੋਤ ਕੌਰ ਸਿੱਧੂ ਨੇ ਧਮਕੀ ਦਿੱਤੀ ਸੀ, ਜਿਸ ਕਾਰਨ ਅਫ਼ਸਰ ਨੂੰ ਦਿਲ ਦਾ ਦੌਰਾ ਪੈ ਗਿਆ। ਉਹ ਅਫ਼ਸਰ ਅੰਮ੍ਰਿਤਸਰ ਦੇ ਹੀ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਨਵਜੋਤ ਸਿੰਘ ਸਿੱਧੂ ’ਤੇ ਇਲਜ਼ਾਮ ਲਾਇਆ ਕਿ ਉਹ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਮਜੀਠੀਆ ਨੇ ਪ੍ਰੈੱਸ ਕਾਨਫਰੰਸ ਵਿੱਚ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਸਿੱਧੂ ਨਾਲ ਕੁਝ ਲੋਕ ਨਜ਼ਰ ਆ ਰਹੇ ਹਨ, ਜਿਨ੍ਹਾਂ ਉੱਪਰ ਕਾਫੀ ਕੇਸ ਹਨ ਤੇ ਇਹ ਸਾਰੇ ਲੋਕ ਨਵਜੋਤ ਸਿੰਘ ਸਿੱਧੂ ਦੇ ਹੀ ਘਰ ਰਹਿੰਦੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਸਿੱਧੂ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਰੱਬ ਵੱਸਦਾ ਹੈ ਪਰ ਉਨ੍ਹਾਂ ਆਪਣੇ ਘਰ ਵਿੱਚ ਦੋਸ਼ੀਆਂ ਨੂੰ ਪਨਾਹ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਲੜਾਈ ਨੂੰ ਜੇ ਨਵਜੋਤ ਸਿੰਘ ਸਿੱਧੂ ਸਿਆਸਤ ਕਰਾਰ ਦੇ ਰਹੇ ਹਨ ਤਾਂ ਗਰੀਬਾਂ ਨੂੰ ਇਨਸਾਫ ਦਿਵਾਉਣ ਲਈ ਉਹ ਇਹ ਸਿਆਸਤ ਲੜਦੇ ਰਹਿਣਗੇ।