ਗਗਨਦੀਪ ਸ਼ਰਮਾ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਸੰਕਟ ਨਿੱਤ ਗੰਭੀਰ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਨਾਲ-ਨਾਲ ਅਕਾਲੀ ਦਲ ਤੇ ਖਾਸਕਰ ਸੁਖਬੀਰ ਬਾਦਲ ਨੂੰ ਹੁਣ ਦਿੱਲੀ ਵਿੱਚ ਝਟਕੇ ਤੇ ਝਟਕਾ ਲੱਗ ਰਿਹਾ ਹੈ। ਪਿਛਲੇ ਇੱਕ ਮਹੀਨੇ ਵਿੱਚ ਅਕਾਲੀ ਦਲ ਦੇ ਸੰਕਟ 'ਤੇ ਝਾਤੀ ਮਾਰੀਏ ਤਾਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ। ਉਸ ਤੋਂ ਬਾਅਦ ਮਾਝੇ ਦੇ ਵੱਡੇ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਪਾਰਟੀ ਦੀਆਂ ਅਹੁਦੇਦਾਰੀਆਂ ਤੋਂ ਸਿਹਤ ਦਾ ਹਵਾਲਾ ਦੇ ਕੇ ਅਸਤੀਫ਼ਾ ਦੇ ਦਿੱਤਾ।

ਇਸ ਤੋਂ ਬਾਅਦ ਅਕਾਲੀ ਦਲ ਵਿੱਚ ਬਾਗੀ ਸੁਰਾਂ ਵਾਲਿਆਂ ਦੀਆਂ ਝੜੀਆਂ ਹੀ ਲੱਗ ਗਈਆਂ। ਇਨ੍ਹਾਂ ਵਿੱਚ ਮਨਜੀਤ ਸਿੰਘ ਜੀਕੇ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਮਨਜਿੰਦਰ ਸਿੰਘ ਸਿਰਸਾ ਦੇ ਨਾਂ ਜ਼ਿਕਰਯੋਗ ਹਨ। ਅਹਿਮ ਗੱਲ਼ ਹੈ ਕਿ ਬ੍ਰਹਮਪੁਰਾ ਤੇ ਢੀਂਡਸਾ ਜੋ ਪ੍ਰਕਾਸ਼ ਸਿੰਘ ਬਾਦਲ ਤੋਂ ਦਸ ਬਾਰਾਂ ਸਾਲ ਛੋਟੇ ਹਨ, ਨੇ ਸਿਹਤ ਦਾ ਹਵਾਲਾ ਦਿੰਦਿਆਂ ਪਾਰਟੀ ਤੋਂ ਅਚਾਨਕ ਦੂਰੀ ਬਣਾ ਲਈ ਹੈ। ਉਨ੍ਹਾਂ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਚੋਣ ਨਾ ਲੜਨ ਦਾ ਐਲਾਨ ਕੀਤੀ ਹੈ।

ਦੋਵੇਂ ਆਗੂ ਭਾਵੇਂ ਸਿਹਤ ਪੱਖੋਂ ਬਾਦਲ ਨਾਲੋਂ ਉਮਰ ਵਿੱਚ ਛੋਟੇ ਹਨ ਤੇ ਸਿਹਤਮੰਦ ਵੀ ਹਨ ਪਰ ਅਕਾਲ਼ੀ ਦਲ ਤੋਂ ਦੂਰੀ ਬਣਾਉਣ ਨਾਲ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਦੂਰੀ ਬਣਾ ਕੇ ਰੱਖ ਰਹੇ ਹਨ। ਦੋਵਾਂ ਦੇ ਪਿਛਲੇ ਦਿਨਾਂ ਦੇ ਸਫ਼ਰ ਦੀ ਝਾਤ ਮਾਰੀਏ ਤਾਂ ਦੋਵਾਂ ਵੱਡੇ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਮਿਲਣ ਦੀਆਂ ਕੋਸ਼ਿਸ਼ਾਂ ਨੂੰ ਵੀ ਨਾਕਾਮ ਕਰ ਕੇ ਰੱਖ ਦਿੱਤਾ ਸੀ।

ਰਣਜੀਤ ਸਿੰਘ ਬ੍ਰਹਮਪੁਰਾ ਨੇ ਜਿਸ ਦਿਨ ਅਸਤੀਫ਼ਾ ਦਿੱਤਾ, ਉਸੇ ਦਿਨ ਡਾਕਟਰ ਰਤਨ ਸਿੰਘ ਅਜਨਾਲਾ ਨੇ ਇਹ ਗੱਲ ਕਹੀ ਸੀ ਕਿ ਉਨ੍ਹਾਂ ਦਾ ਅਸਤੀਫਾ ਕਿਸੇ ਵੇਲੇ ਵੀ ਆ ਸਕਦਾ ਹੈ। ਉਹ ਵੀ ਸਮਾਂ ਦੇਖ ਕੇ ਆਪਣੀ ਗੱਲ ਰੱਖਣਗੇ। ਡਾ. ਅਜਨਾਲਾ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਕਾਫਲਾ ਵੱਡਾ ਹੋ ਰਿਹਾ ਹੈ।

ਇਸ ਤੋਂ ਇਲਾਵਾ ਅਕਾਲੀ ਦਲ ਦੇ ਮਾਝੇ ਨਾਲ ਸਬੰਧਤ ਇੱਕ ਹੋਰ ਵੱਡੇ ਨੇਤਾ ਸੇਵਾ ਸਿੰਘ ਸੇਖਵਾਂ ਵੀ ਪਿਛਲੇ ਕਾਫੀ ਸਮੇਂ ਤੋਂ ਬਾਗੀ ਸੁਰਾਂ ਅਲਾਪ ਰਹੇ ਹਨ। ਉਹ ਵੀ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਧਮਾਕਾ ਕਰ ਸਕਦੇ ਹਨ। ਉਨ੍ਹਾਂ ਦਾ ਅਸਤੀਫਾ ਵੀ ਕਿਸੇ ਵੇਲੇ ਵੀ ਆ ਸਕਦਾ ਹੈ। ਹਾਲਾਂਕਿ ਇਹ ਆਗੂ ਨਾਲ ਵੀ ਇਹ ਕਹਿ ਰਹੇ ਹਨ ਕਿ ਉਹ ਪਾਰਟੀ ਨਾਲ ਜੁੜੇ ਹਨ ਪਰ ਪਾਰਟੀ ਦੇ ਕਿਸੇ ਅਹੁਦੇ 'ਤੇ ਕੰਮ ਨਹੀਂ ਕਰਨਾ ਚਾਹੁੰਦੇ।

ਸੇਵਾ ਸਿੰਘ ਸੇਖਵਾਂ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵਜੋਂ ਸੇਵਾ ਕਰਨਾ ਚਾਹੁੰਦੇ ਸਨ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਦੀ ਗੱਲ ਨੂੰ ਗੌਲਿਆ ਹੀ ਨਹੀਂ ਗਿਆ। ਆੳਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਮੁੜ ਚੋਣ ਹੋਣ ਵਾਲੀ ਹੈ। ਇਸ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ।