ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ 'ਤੋਂ ਹਟਾਉਣ ਤੋਂ ਬਾਅਦ 'ਆਪ' ਦਾ ਕਾਟੋ-ਕਲੇਸ਼ ਜ਼ੋਰਾਂ 'ਤੇ ਹੈ। ਸੁਖਪਾਲ ਖਹਿਰਾ ਨੇ ਦਿੱਲੀ ਹਾਈਕਮਾਨ ਦੇ ਦਲਿਤ ਤਰਕ 'ਤੇ ਪਲਟਵਾਰ ਕਰਦਿਆਂ ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਟਵੀਟ ਕਰਦਿਆਂ ਕਿਹਾ ਕਿ ਉਹ ਪੰਜਾਬ 'ਚ ਦਲਿਤ ਪੱਤੇ ਖੇਡਣਾ ਬੰਦ ਕਰਨ।
ਦਿੱਲੀ ਹਾਈਕਮਾਨ ਨੇ ਸੁਖਪਾਲ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਪਿੱਛੇ ਤਰਕ ਦਿੱਤਾ ਸੀ ਕਿ ਉਹ ਦਲਿਤ ਭਾਈਚਾਰੇ ਨੂੰ ਅੱਗੇ ਲੈਕੇ ਆਉਣਾ ਚਾਹੁੰਦੇ ਹਨ। ਖਹਿਰਾ ਨੇ ਕਿਹਾ ਕਿ ਦਸਵੇਂ ਗੁਰੂ ਨੇ ਬਰਾਬਰਤਾ ਦਾ ਸੰਦੇਸ਼ ਦਿੰਦਿਆਂ ਕਿਹਾ ਸੀ "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ"। ਇਸ ਤੋਂ ਭਾਵ ਕਿ ਸਾਰੀ ਮਨੁੱਖਤਾ ਇੱਕ ਹੈ। ਖਹਿਰਾ ਨੇ ਸਿਸੋਦੀਆ ਨੂੰ ਕਿਹਾ ਕਿ ਉਹ ਆਪਣੇ ਦਲਿਤ ਵਾਲੇ ਤਰਕ ਨੂੰ ਸਾਬਿਤ ਕਰਨ ਲਈ ਦਿੱਲੀ 'ਚ ਉੱਪ ਮੁੱਖ ਮੰਤਰੀ ਦਲਿਤ ਭਾਈਚਾਰੇ ਦਾ ਕਿਉਂ ਨਹੀਂ ਬਣਾਉਂਦੇ।