ਦੇਸ਼ ਭਰ ਦੇ ਸਕੂਲਾਂ ਵਿੱਚ ਦੀਵਾਲੀ ਅਤੇ ਛੱਠ ਪੂਜਾ ਮਨਾਉਣ ਲਈ ਛੁੱਟੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ। ਕਈ ਰਾਜਾਂ ਜਿਵੇਂ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਕਰਨਾਟਕ ਨੇ ਸਕੂਲ ਬੰਦ ਰਹਿਣ ਦੀ ਮਿਆਦ ਤੈਅ ਕੀਤੀ ਹੈ ਤਾਂ ਜੋ ਵਿਦਿਆਰਥੀ ਅਤੇ ਅਧਿਆਪਕ ਤਿਉਹਾਰ ਜਸ਼ਨ ਅਤੇ ਉਤਸ਼ਾਹ ਨਾਲ ਮਨਾ ਸਕਣ। ਇਸ ਸਾਲ ਦੀਵਾਲੀ 20 ਅਕਤੂਬਰ, 2025 ਨੂੰ ਹੈ ਅਤੇ ਲਕਸ਼ਮੀ ਪੂਜਾ ਪ੍ਰਦੋਸ਼ ਕਾਲ ਦੌਰਾਨ ਹੋਵੇਗੀ।
ਪੰਜਾਬ 'ਚ ਇਹ ਵਾਲੇ ਦਿਨ ਰਹਿਣੀਆਂ ਛੁੱਟੀਆਂ
ਪੰਜਾਬ ਵਿੱਚ ਵੀ ਦੀਵਾਲੀ ਦੇ ਤਿਉਹਾਰ ਦੇ ਮੌਕੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲੀ ਵਿਦਿਆਰਥੀਆਂ ਦੇ ਨਾਲ-ਨਾਲ ਸਰਕਾਰੀ ਮੁਲਾਜ਼ਮਾਂ ਨੂੰ ਵੀ ਛੁੱਟੀਆਂ ਮਿਲਣਗੀਆਂ। 20 ਅਕਤੂਬਰ ਨੂੰ ਦੀਵਾਲੀ, 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਅਤੇ ਗੋਵਰਧਨ ਪੂਜਾ, ਅਤੇ 23 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗੱਦੀ ਦਿਵਸ ਲਈ ਸਰਕਾਰੀ ਛੁੱਟੀਆਂ ਰਹਿਣਗੀਆਂ।
ਬਿਹਾਰ ਵਿੱਚ 20 ਤੋਂ 29 ਅਕਤੂਬਰ ਤੱਕ ਸਕੂਲ ਬੰਦ
ਬਿਹਾਰ ਸਰਕਾਰ ਨੇ 20 ਅਕਤੂਬਰ ਤੋਂ 29 ਅਕਤੂਬਰ 2025 ਤੱਕ ਦੀਵਾਲੀ ਦੇ ਮੌਕੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਸਾਰੇ ਜ਼ਿਲ੍ਹਿਆਂ ਦੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਰਹਿਣਗੇ। ਸਿੱਖਿਆ ਵਿਭਾਗ ਨੇ ਇਸ ਫੈਸਲੇ ਦੀ ਜਾਣਕਾਰੀ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਦੇ ਦਿੱਤੀ ਹੈ।
ਰਾਜਸਥਾਨ 'ਚ 12 ਦਿਨਾਂ ਲਈ ਸਕੂਲ ਬੰਦ
ਸੈਕੰਡਰੀ ਸਿੱਖਿਆ ਨਿਰਦੇਸ਼ਕ ਸੀਤਾਰਾਮ ਜਾਟ ਦੇ ਹੁਕਮ ਅਨੁਸਾਰ ਰਾਜਸਥਾਨ ਦੇ ਕਈ ਸਕੂਲ 13 ਅਕਤੂਬਰ ਤੋਂ ਛੁੱਟੀਆਂ 'ਤੇ ਹਨ। ਪਹਿਲਾਂ 16 ਅਕਤੂਬਰ ਤੋਂ 27 ਅਕਤੂਬਰ ਤੱਕ ਛੁੱਟੀਆਂ ਨਿਰਧਾਰਤ ਸਨ, ਪਰ ਹੁਣ ਇਹ ਮਿਆਦ 12 ਦਿਨਾਂ ਲਈ ਵਧਾ ਦਿੱਤੀ ਗਈ ਹੈ। ਜੈਪੁਰ, ਜੋਧਪੁਰ, ਬੀਕਾਨੇਰ, ਉਦੈਪੁਰ, ਅਜਮੇਰ ਅਤੇ ਕੋਟਾ ਡਿਵੀਜ਼ਨਾਂ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਇਸ ਦੌਰਾਨ ਬੰਦ ਰਹਿਣਗੇ।
ਕਰਨਾਟਕ ਦੇ ਸਕੂਲ ਪਹਿਲਾਂ ਹੀ ਬੰਦ
ਕਰਨਾਟਕ ਨੇ 8 ਅਕਤੂਬਰ ਤੋਂ 18 ਅਕਤੂਬਰ ਤੱਕ ਸਕੂਲ ਬੰਦ ਰਹਿਣ ਦਾ ਐਲਾਨ ਕੀਤਾ ਸੀ। ਇਹ ਫੈਸਲਾ ਰਾਜ ਵਿੱਚ ਚੱਲ ਰਹੇ ਜਾਤੀ ਸਰਵੇਖਣ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਲਿਆ ਗਿਆ। ਇਸ ਦੌਰਾਨ ਅਧਿਆਪਕ ਪ੍ਰਬੰਧਕੀ ਡਿਊਟੀਆਂ ਨਿਭਾਉਣਗੇ ਅਤੇ ਸਕੂਲ ਬੰਦ ਰਹਿਣਗੇ।
ਉੱਤਰ ਪ੍ਰਦੇਸ਼ ਦੇ ਸਕੂਲ 5 ਦਿਨ ਬੰਦ
ਉੱਤਰ ਪ੍ਰਦੇਸ਼ ਵਿੱਚ ਸਕੂਲ 20 ਅਕਤੂਬਰ (ਦੀਵਾਲੀ), 22 ਅਕਤੂਬਰ (ਗੋਵਰਧਨ ਪੂਜਾ) ਅਤੇ 23 ਅਕਤੂਬਰ (ਭਾਈ ਦੂਜ) ਨੂੰ ਬੰਦ ਰਹਿਣਗੇ। ਇਸ ਤੋਂ ਇਲਾਵਾ 19 ਅਕਤੂਬਰ (ਐਤਵਾਰ) ਨੂੰ ਵੀ ਛੁੱਟੀ ਦਿੱਤੀ ਗਈ ਸੀ, ਜਿਸ ਨਾਲ ਵਿਦਿਆਰਥੀਆਂ ਨੂੰ ਲਗਾਤਾਰ ਚਾਰ ਦਿਨ ਛੁੱਟੀ ਮਿਲੀ। ਇਹ ਫੈਸਲਾ ਸਾਰੇ ਮੁੱਢਲੇ, ਸੈਕੰਡਰੀ ਅਤੇ ਸਰਕਾਰੀ ਸਕੂਲਾਂ 'ਤੇ ਲਾਗੂ ਹੁੰਦਾ ਹੈ।